ਆਜ਼ਾਦੀ ਦੇ 79 ਸਾਲ ਬਾਅਦ ਵੀ ਖੇੜਾ ਕਲਮੋਟ ਦੇ ਦਰਜਨਾਂ ਪਰਿਵਾਰ ਪਾਣੀ ਤੋਂ ਵਾਂਝੇ ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਖੇੜਾ ਕਲਮੋਟ ਦੇ ਦਰਜਨਾਂ ਪਰਿਵਾਰ ਦੇ ਲੋਕ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਤਰਸੇ
Publish Date: Mon, 27 Jul 2026 07:32 PM (IST)
Updated Date: Tue, 28 Jul 2026 04:07 AM (IST)
-ਮਾਈਨਿੰਗ ਦੇ ਅਸਰ ਨਾਲ ਫੇਲ੍ਹ ਹੋਏ ਨਿੱਜੀ ਬੋਰ, ਹੁਣ ਪਾਈਪਲਾਈਨ ਹੀ ਆਖ਼ਰੀ ਆਸ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਹਰ ਘਰ ਤੱਕ ਵਿਕਾਸ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਬਲਾਕ ਨੂਰਪੁਰਬੇਦੀ ਦੇ ਪਿੰਡ ਖੇੜਾ ਕਲਮੋਟ ਦੇ ਕਰੀਬ ਦੋ ਦਰਜਨ ਪਰਿਵਾਰ ਅੱਜ ਵੀ ਪੀਣ ਵਾਲੇ ਪਾਣੀ ਵਰਗੀ ਮੁੱਢਲੀ ਸਹੂਲਤ ਤੋਂ ਵਾਂਝੇ ਹਨ। ਆਜ਼ਾਦੀ ਦੇ ਕਰੀਬ ਅੱਠ ਦਹਾਕਿਆਂ ਬਾਅਦ ਵੀ ਇਨ੍ਹਾਂ ਪਰਿਵਾਰਾਂ ਨੂੰ ਪਾਣੀ ਦੀ ਇੱਕ-ਇੱਕ ਬੂੰਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਬਾਹਰੀ ਹਿੱਸੇ, ਜੋ ਮਾਈਨਿੰਗ ਖੇਤਰ ਨਾਲ ਲੱਗਦਾ ਹੈ, ਵਿਚ ਲੰਬੇ ਸਮੇਂ ਤੋਂ ਕਈ ਪਰਿਵਾਰ ਰਹਿ ਰਹੇ ਹਨ। ਸ਼ੁਰੂਆਤੀ ਦੌਰ ’ਚ ਇਨ੍ਹਾਂ ਲੋਕਾਂ ਨੇ ਆਪਣੇ ਖਰਚੇ ਤੇ ਨਿੱਜੀ ਬੋਰ ਕਰਵਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ, ਪਰ ਪਿਛਲੇ ਕੁਝ ਸਾਲਾਂ ਦੌਰਾਨ ਇਲਾਕੇ ’ਚ ਕਰੈਸ਼ਰ ਇੰਡਸਟਰੀ ਅਤੇ ਮਾਈਨਿੰਗ ਗਤੀਵਿਧੀਆਂ ਵਧਣ ਕਾਰਨ ਭੂ-ਜਲ ਪੱਧਰ ਪ੍ਰਭਾਵਿਤ ਹੋਇਆ ਤੇ ਇਕ-ਇਕ ਕਰਕੇ ਜ਼ਿਆਦਾਤਰ ਬੋਰ ਫੇਲ੍ਹ ਹੋ ਗਏ। ਇਸ ਕਾਰਨ ਹੁਣ ਇਨ੍ਹਾਂ ਪਰਿਵਾਰਾਂ ਲਈ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਦੂਰ-ਦੁਰਾਡੇ ਖੇਤਾਂ ’ਚ ਲੱਗੇ ਟਿਊਬਵੈੱਲਾਂ ਤੋਂ ਪਾਣੀ ਢੋ ਕੇ ਲਿਆਉਣਾ ਪੈਂਦਾ ਹੈ। ਮੀਂਹ ’ਚ ਇਹ ਮੁਸ਼ਕਲ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਨ੍ਹਾਂ ਦੇ ਘਰਾਂ ਤੱਕ ਜਾਣ ਲਈ ਅਜੇ ਤੱਕ ਪੱਕਾ ਰਸਤਾ ਵੀ ਨਹੀਂ ਬਣਿਆ। ਮੀਂਹ ਪੈਣ ਨਾਲ ਕੱਚਾ ਰਸਤਾ ਚਿੱਕੜ ਨਾਲ ਭਰ ਜਾਂਦਾ ਹੈ, ਜਿਸ ਕਾਰਨ ਨਾ ਤਾਂ ਵਾਹਨ ਚੱਲ ਸਕਦੇ ਹਨ ਤੇ ਨਾ ਹੀ ਪੈਦਲ ਲੰਘਣਾ ਆਸਾਨ ਰਹਿੰਦਾ ਹੈ। ਅਜਿਹੇ ਹਾਲਾਤ ਵਿੱਚ ਪਾਣੀ ਲਿਆਉਣਾ ਲੋਕਾਂ ਲਈ ਰੋਜ਼ਾਨਾ ਦੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਉਨ੍ਹਾਂ ਦੀ ਬਸਤੀ ਬੁਨਿਆਦੀ ਸਹੂਲਤਾਂ ਤੋਂ ਅਜੇ ਵੀ ਵਾਂਝੀ ਹੈ। ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖੇਤਰ ਵਿੱਚ ਜਲਦ ਤੋਂ ਜਲਦ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿਛਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤੇ ਪੱਕੇ ਰਸਤੇ ਦੀ ਸਮੱਸਿਆ ਦਾ ਵੀ ਸਥਾਈ ਹੱਲ ਕੀਤਾ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਦਿਲਬਾਗ ਸਿੰਘ, ਸੁਭਾਸ਼ ਚੰਦ, ਅਸ਼ਵਨੀ ਕੁਮਾਰ, ਰਵਿੰਦਰ ਸਿੰਘ, ਜੈਕਰਨ, ਨਵਜੋਤ, ਚੰਦਨ, ਨੰਦਨ, ਦੀਪਕਰਨ, ਰਾਕੇਸ਼ ਕੁਮਾਰ, ਸੀਮਾ, ਸਾਹਿਲ, ਗੋਪੀ, ਰਮਾ, ਆਰਤੀ, ਪੂਜਾ, ਮਾਇਆ ਦੇਵੀ, ਜੋਤੀ, ਆਂਚਲ, ਕਾਜਲ, ਜਾਨਵੀ, ਰਮਨ, ਅਰਸ਼, ਸਾਨਵੀ, ਕਾਰਤਿਕ, ਰਿਆ ਅਤੇ ਰਜਨੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ। -ਐਕਸੀਅਨ ਨੇ ਸਮੱਸਿਆ ਤੇ ਜਲਦ ਹੱਲ ਦਾ ਦਿੱਤਾ ਭਰੋਸਾ ਇਸ ਮਾਮਲੇ ਸਬੰਧੀ ਜਦੋਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਧਿਆਨ ਵਿੱਚ ਹੁਣ ਤੱਕ ਅਜਿਹਾ ਕੋਈ ਮਾਮਲਾ ਨਹੀਂ ਸੀ ਤੇ ਨਾ ਹੀ ਪੰਚਾਇਤ ਜਾਂ ਸਥਾਨਕ ਲੋਕਾਂ ਵੱਲੋਂ ਪਾਈਪਲਾਈਨ ਲਈ ਕੋਈ ਲਿਖਤੀ ਮੰਗ ਭੇਜੀ ਗਈ ਹੈ। ਮੀਡੀਆ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਅਗਲੇ ਇੱਕ-ਦੋ ਦਿਨਾਂ ਵਿੱਚ ਵਿਭਾਗੀ ਟੀਮ ਮੌਕੇ ਦਾ ਦੌਰਾ ਕਰੇਗੀ ਅਤੇ ਪੰਚਾਇਤ ਤੇ ਸਬੰਧਤ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਕੇ ਸਮੱਸਿਆ ਦੇ ਹੱਲ ਲਈ ਲੁੜੀਂਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।