ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚਾਰ ਦਿਨਾ ਜ਼ੋਨਲ ਪੱਧਰੀ ਖੇਡ ਟੂਰਨਾਮੈਂਟ ਆਰੰਭ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚਾਰ ਰੋਜ਼ਾ ਜ਼ੋਨਲ ਪੱਧਰੀ ਖੇਡ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
Publish Date: Mon, 27 Jul 2026 06:38 PM (IST)
Updated Date: Tue, 28 Jul 2026 04:04 AM (IST)
ਪੰਜਾਬੀ ਜਾਗਰਣ ਟੀਮ, ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਥਾਨਕ ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚਾਰ ਰੋਜ਼ਾ ਜ਼ੋਨਲ ਪੱਧਰੀ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਦਾ ਸੋਮਵਾਰ ਨੂੰ ਸ਼ਾਨਦਾਰ ਆਗਾਜ਼ ਹੋਇਆ। ਇਸ ਖੇਡ ਮੇਲੇ ’ਚ ਜ਼ੋਨ ਦੇ ਵੱਖ-ਵੱਖ ਸਕੂਲਾਂ ਦੇ ਸੈਂਕੜੇ ਵਿਦਿਆਰਥੀ-ਖਿਡਾਰੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਟੂਰਨਾਮੈਂਟ ਦਾ ਉਦਘਾਟਨ ਸੀਨੀਅਰ ਐਡਵੋਕੇਟ ਪਾਖਰ ਸਿੰਘ ਭੱਠਲ, ਜ਼ੋਨਲ ਪ੍ਰਧਾਨ ਮੈਡਮ ਸੁਖਪਾਲ ਕੌਰ ਬਾਲੀਆ ਅਤੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਰਾਣਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਸਾਧਨ ਹਨ। ਖੇਡਾਂ ਰਾਹੀਂ ਅਨੁਸ਼ਾਸਨ, ਟੀਮ ਭਾਵਨਾ, ਲੀਡਰਸ਼ਿਪ, ਸਹਿਯੋਗ, ਸਹਿਣਸ਼ੀਲਤਾ ਅਤੇ ਆਤਮ-ਵਿਸ਼ਵਾਸ ਵਰਗੇ ਗੁਣ ਵਿਕਸਿਤ ਹੁੰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਜਿੱਤ-ਹਾਰ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਨਾਲ ਮੁਕਾਬਲੇ ਖੇਡਣ ਅਤੇ ਆਪਣੀ ਪ੍ਰਤਿਭਾ ਦਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਨੈਸ਼ਨਲ ਸਟਾਈਲ ਕਬੱਡੀ ਦੇ ਰੋਮਾਂਚਕ ਮੁਕਾਬਲਿਆਂ ਵਿੱਚ ਐੱਸ.ਓ.ਈ. ਕੀਰਤਪੁਰ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀਬੀਐੱਮਬੀ ਗੰਗੂਵਾਲ ਦੀ ਟੀਮ ਦੂਜੇ ਅਤੇ ਸਰਕਾਰੀ ਸਕੂਲ ਸਮਲਾਹ ਦੀ ਟੀਮ ਤੀਜੇ ਸਥਾਨ ਤੇ ਰਹੀ। ਵਾਲੀਬਾਲ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਟੌਰ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਰਗ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੀਆਂ ਟੀਮਾਂ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਬੈਡਮਿੰਟਨ ਦੇ ਅੰਡਰ-14 ਅਤੇ ਅੰਡਰ-17 ਵਰਗਾਂ ਦੇ ਫਾਈਨਲ ਮੁਕਾਬਲਿਆਂ ਲਈ ਭਾਈ ਨੰਦ ਲਾਲ ਪਬਲਿਕ ਸਕੂਲ ਅਤੇ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਆਯੋਜਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ, ਜਿਸ ਦੌਰਾਨ ਵੱਖ-ਵੱਖ ਉਮਰ ਵਰਗਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਦੀ ਚੋਣ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਕੀਤੀ ਜਾਵੇਗੀ। ਇਸ ਮੌਕੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਰਾਣਾ (ਪੀਟੀਆਈ), ਕਨਵੀਨਰ ਭੁਪਿੰਦਰ ਸਿੰਘ ਮੀਂਟੂ, ਉਪ ਕਨਵੀਨਰ ਦਲਜੀਤ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ ਭੱਠਲ, ਵਿਜੇ ਕੁਮਾਰ, ਪਿਆਰੇ ਲਾਲ, ਰਣਜੋਧ ਸਿੰਘ, ਅਮਰਜੀਤ ਸਿੰਘ, ਰਾਮ ਰਾਣਾ, ਸੁਰਜੀਤ ਰਾਣਾ, ਜਸਵਿੰਦਰ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਕੰਦੋਲਾ, ਸਤਨਾਮ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਹਰਜੋਤ ਸਿੰਘ, ਜਸਪ੍ਰੀਤ ਸਿੰਘ, ਮੈਡਮ ਨੀਲਮ ਕੁਮਾਰੀ, ਮੈਡਮ ਸੁਮਨ ਚਾਂਦਲਾ, ਮੈਡਮ ਲਖਵੀਰ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਬਿਨਤਾ ਰਾਣਾ, ਮੈਡਮ ਜਤਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਸਭ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਟੂਰਨਾਮੈਂਟ ਦੇ ਸਫ਼ਲ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਪਹਿਲੇ ਦਿਨ ਖੇਡ ਮੈਦਾਨ ਵਿੱਚ ਉਤਸ਼ਾਹ ਅਤੇ ਜੋਸ਼ ਦਾ ਮਾਹੌਲ ਦੇਖਣ ਨੂੰ ਮਿਲਿਆ। ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਦਰਸ਼ਕਾਂ ਨੇ ਵੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣਿਆ।