ਪੰਜਾਬ ਕਰੱਸ਼ਰ ਐਸ਼ੋਸ਼ੀਏਸ਼ਨ ਵੱਲੋਂ 25 ਨੂੰ ਹੜਤਾਲ ਦੀ ਚਿਤਾਵਨੀ ਪੰਜਾਬ ਕਰੱਸ਼ਰ ਐਸ਼ੋਸ਼ੀਏਸ਼ਨ ਕਰੇਗੀ ਹੜਤਾਲ
Publish Date: Wed, 18 Nov 2026 06:12 PM (IST)
Updated Date: Wed, 18 Nov 2026 06:15 PM (IST)
ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਲਾਇਆ ਦੋਸ਼ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਆਲ ਪੰਜਾਬ ਕਰੱਸ਼ਰ ਐਸ਼ੋਸ਼ੀਏਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਰਾਜ ਪੱਧਰੀ ਹੜਤਾਲ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਐਸ਼ੋਸ਼ੀਏਸ਼ਨ ਵੱਲੋਂ ਲਿਖੇ ਗਏ ਆਪਣੇ ਪੱਤਰ ਦੇ ’ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਵਾਰ-ਵਾਰ ਜਾਰੀ ਪੱਤਰ ਤੇ ਬੇਨਤੀਆਂ ਕਰਨ ਦੇ ਬਾਵਜੂਦ ਵੀ ਮਾਈਨਿੰਗ ਤੇ ਜਿਉਯਲੋਜੀ ਵਿਭਾਗ ਮਾਈਨਿੰਗ ਤੇ ਜਿਉਯਲੋਜੀ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਸਤੰਬਰ 2026 ਨੂੰ ਹੋਈ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਨੂੰ ਸਰਕਾਰ ਲਾਗੂ ਕਰਨ ’ਚ ਅਸਫ਼ਲ ਰਹੀ ਹੈ। ਪੰਜਾਬ ਕਰੱਸ਼ਰ ਐਸ਼ੋਸ਼ੀਏਸ਼ਨ ਇਸ ਪ੍ਰਸ਼ਾਸਨਿਕ ਢਿਲਮੱਠ ਕਾਰਨ ਆਪਣੇ ਰੋਜ਼ਾਨਾ ਦੇ ਕੰਮ ਕਾਜ ਨੂੰ ਲਗਭਗ ਠੱਪ ਕਰ ਚੁੱਕਾ ਹੈ। ਜਦੋਂ ਕਿ ਪੱਥਰ ਤੋੜਨ ਵਾਲੀ ਸਨਅਤ ਪੰਜਾਬ ਦੇ ਬੁਨਿਆਦੀ ਢਾਂਚੇ ਤੇ ਉਸਾਰੀ ਖੇਤਰ ਦੀ ਰੀੜ ਦੀ ਹੱਡੀ ਹੈ । ਉਨ੍ਹਾਂ ਕਿਹਾ ਕਿ ਵਿਭਾਗ ਦੀ ਬੇਪਰਵਾਹੀ ਦੇ ਕਾਰਨ ਹਜ਼ਾਰਾਂ ਕਾਮਿਆਂ ਦੀ ਰੋਜ਼ੀ-ਰੋਟੀ ਖਤਰੇ ’ਚ ਪੈ ਰਹੀ ਹੈ ਤੇ ਅਹਿਮ ਵਿਕਾਸ ਪ੍ਰੋਜੈਕਟਾਂ ਨੂੰ ਰੋਕ ਲੱਗ ਸਕਦੀ ਹੈ , ਜਿਸ ਦੇ ਨਾਲ ਆਮ ਲੋਕਾਂ ਦੇ ਹਿੱਤ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਹੋਈ ਮੀਟਿੰਗ ਦੇ ’ਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਜਾਇਜ਼ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ 25 ਨਵੰਬਰ ਨੂੰ ਸਟੋਨ ਕਰੱਸ਼ਰ ਉਦਯੋਗ ਦੋ ਦਿਨਾਂ ਲਈ ਹੜਤਾਲ ਕਰੇਗਾ। ਇਹ ਜਾਣਕਾਰੀ ਆਲ ਪੰਜਾਬ ਕਰੱਸ਼ਰਸ ਐਸ਼ੋਸ਼ੀਏਸ਼ਨ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਵੱਲੋਂ ਦਿੱਤੀ ਗਈ।