ਮੁਕੰਮਲ ਰੂਪ ਵਿਚ ਬੰਦ ਰਿਹਾ ਮੋਰਿੰਡਾ ਸ਼ਹਿਰ ਮੋਰਿੰਡਾ ਵਿਖੇ ਪੰਜਾਬ ਬੰਦ ਨੂੰ ਮਿਲਿਆ ਭਾਰੀ ਸਮਰਥਨ
Publish Date: Fri, 21 Aug 2026 04:47 PM (IST)
Updated Date: Fri, 21 Aug 2026 04:48 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਮੋਰਿੰਡਾ ਵਿਖੇ ਹਰ ਵਰਗ ਅਤੇ ਦੁਕਾਨਦਾਰਾਂ ਵੱਲੋਂ ਪੂਰਨ ਸਮਰਥਨ ਮਿਲਿਆ, ਜਿਸ ਦੇ ਚੱਲਦਿਆਂ ਮੋਰਿੰਡਾ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਦੌਰਾਨ ਸਵੇਰ ਦੇ ਸਮੇਂ ਜੋ ਇੱਕਾ-ਦੁੱਕਾ ਦੁਕਾਨਾਂ ਖੁੱਲੀਆਂ ਵੀ ਸਨ, ਜੱਥੇਬੰਦੀਆਂ ਵੱਲੋਂ ਅਪੀਲ ਕਰਨ ’ਤੇ ਉਹ ਵੀ ਬੰਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਪੁਲਿਸ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੁਸਤੈਦ ਦਿਖਾਈ ਦਿੱਤੀ। ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਸਵੇਰ ਵੇਲੇ ਹੀ ਅਕਾਲੀ ਦਲ ਦੇ ਯੂਥ ਆਗੂ ਧਰਮਿੰਦਰ ਸਿੰਘ ਕੋਟਲੀ, ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਸੀਨੀਅਰ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ, ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਅਮਨਪ੍ਰੀਤ ਸਿੰਘ ਅਮਨਾ, ਸੰਤੋਖ ਸਿੰਘ ਕਲਹੇੜੀ, ਭਾਕਿਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਸਰਹਾਣਾ, ਕਿਸਾਨ ਮਜ਼ਦੂਰ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ, ਕਿਸਾਨ ਆਗੂ ਮਲਕੀਤ ਸਿੰਘ ਸੇਖੋਂ ਕਕਰਾਲੀ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਬੰਦ ਦੀ ਇਹ ਕਾਲ ਵੱਖ ਵੱਖ ਜੇਲਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਅਤੇ ਖਾਸ ਤੌਰ ’ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕ ਮਹੀਨੇ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਕੀਤੀ ਗਈ। ਇਸ ਨੂੰ ਪੰਜਾਬ ਭਰ ਵਿਚ ਪੂਰਨ ਹੁੰਗਾਰਾ ਮਿਲਿਆ। ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਅਦਾਲਤ ਵੱਲੋਂ ਦਿੱਤੀਆਂ ਗਈਆਂ ਸਜਾਵਾਂ ਪੂਰੀਆਂ ਕਰ ਚੁੱਕਣ ਤੋਂ ਬਾਅਦ ਵੀ ਉਹ ਜੇਲਾਂ ਵਿਚ ਬੰਦ ਹਨ। ਇਸ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਿਰਧ ਮਾਤਾ ਜੋ ਗੰਭੀਰ ਹਾਲਤ ਵਿਚ ਹਨ, ਨੂੰ ਮਿਲਣ ਲਈ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬੰਦ ਨੂੰ ਸਫਲ ਬਣਾਉਣ ਲਈ ਬੀਤੇ ਦਿਨ ਹੀ ਸ਼ਹਿਰ ਦੇ ਵੱਖ-ਵੱਖ ਵਪਾਰਕ ਸੰਗਠਨਾਂ ਅਤੇ ਦੁਕਾਨਦਾਰਾਂ ਨੂੰ ਬੇਨਤੀ ਪੱਤਰ ਦਿੱਤੇ ਗਏ ਸਨ। ਉਨ੍ਹਾਂ ਵੱਲੋਂ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਬੰਦ ਦੀ ਸਫਲਤਾ ਲਈ ਆਵਾਜਾਈ ਨੂੰ ਰੋਕਣ ਲਈ ਮੋਰਿੰਡਾ ਦੇ ਵਿਸ਼ਵਕਰਮਾ ਚੌਕ ਵਿਖੇ ਰੱਸੇ ਤੇ ਬੈਰੀਕੇਡ ਲਾ ਕੇ ਰਸਤੇ ਬੰਦ ਕੀਤੇ ਗਏ ਪ੍ਰੰਤੂ ਇਸ ਦੌਰਾਨ ਬਿਮਾਰਾਂ ਅਤੇ ਡਾਕਟਰੀ ਸਹੂਲਤਾਂ ਲੈਣ ਵਾਲਿਆਂ ਲਈ ਰਸਤਾ ਖੋਲਿਆ ਗਿਆ। ਅੱਜ ਦੇ ਬੰਦ ਦੀ ਸਫਲਤਾ ਨੂੰ ਲੈ ਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਅੱਜ ਦੇ ਇਸ ਬੰਦ ਵੱਲੋਂ ਵੀ ਇਹੋ ਸੁਨੇਹਾ ਜਾਂਦਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ। ਮੋਰਿੰਡਾ ਪੁਲਿਸ ਰਹੀ ਪੂਰੀ ਤਰ੍ਹਾਂ ਮੁਸਤੈਦ ਉੱਧਰ, ਇਸ ਦੌਰਾਨ ਮੋਰਿੰਡਾ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਰਹੀ। ਇਸ ਮੌਕੇ ਵਿਸ਼ਵਕਰਮਾ ਚੌਂਕ ਵਿਖੇ ਪੁਲਿਸ ਥਾਣਾ ਸਿਟੀ ਮਰਿੰਡਾ ਦੇ ਐੱਸਐੱਚਓ ਗਗਨਦੀਪ ਸਿੰਘ ਦੀ ਅਗਵਾਈ ਹੇਠ ਟਰੈਫਿਕ ਇੰਚਾਰਜ ਮਲਕੀਅਤ ਸਿੰਘ, ਏਐੱਸਆਈ ਧੰਨ ਸਿੰਘ ਸੈਣੀ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਰਹੇ। ਐੱਸਐੱਚਓ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਦੌਰਾਨ ਜੱਥੇਬੰਦੀਆਂ ਨਾਲ ਗੱਲ ਕਰਕੇ ਐਮਰਜੈਂਸੀ ਜਾਂ ਬਿਮਾਰੀ ਦੀ ਹਾਲਤ ਵਿਚ ਮਰੀਜ਼ਾਂ ਨੂੰ ਅੱਗੇ ਜਾਣ ਦਿੱਤਾ ਗਿਆ।