ਡਿਵਾਈਡਰਾਂ ਦੀ ਸਫ਼ਾਈ ਲਈ ਵਿੱਢੀ ਮੁਹਿੰਮ ਨੂਰਪੁਰਬੇਦੀ ਦੇ ਡਿਵਾਈਡਰਾਂ ਦੀ ਸਫਾਈ ਲਈ ਲੋਕ ਨਿਰਮਾਣ ਵਿਭਾਗ ਨੇ ਵਿੱਢੀ ਮੁਹਿੰਮ
Publish Date: Tue, 03 Nov 2026 04:54 PM (IST)
Updated Date: Tue, 03 Nov 2026 04:56 PM (IST)
ਅੱਡਾ ਬੈਂਸ ਵਿਖੇ ਵੀ ਹੋਵੇਗੀ ਸਫਾਈ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ ਸ਼ਹਿਰ ਦੀ ਮੁੱਖ ਸੜਕ ਦੇ ਵਿਚਕਾਰ ਬਣੇ ਡਿਵਾਈਡਰਾਂ ਦੀ ਸਫਾਈ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਹਰਕਤ ’ਚ ਆ ਗਿਆ ਹੈ। ਵਿਭਾਗ ਵੱਲੋਂ ਡਿਵਾਈਡਰਾਂ ਦੇ ਨਾਲ ਲੱਗਦੇ ਹਿੱਸਿਆਂ ’ਚ ਇਕੱਠੀ ਹੋਈ ਮਿੱਟੀ ਤੇ ਉੱਗੀ ਬੇਲੋੜੀ ਬਨਸਪਤੀ ਨੂੰ ਹਟਾਉਣ ਲਈ ਸਫ਼ਾਈ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਕਰੀਬ ਡੇਢ ਕਿਲੋਮੀਟਰ ਲੰਬਾਈ ’ਚ ਡਿਵਾਈਡਰ ਬਣੇ ਹੋਏ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਮਿੱਟੀ ਦੇ ਢੇਰ ਅਤੇ ਘਾਹ-ਫੂਸ ਉੱਗਣ ਕਾਰਨ ਸੜਕ ਦੀ ਸਾਫ਼-ਸਫਾਈ ਪ੍ਰਭਾਵਿਤ ਹੋ ਰਹੀ ਸੀ। ਇਸ ਦੇ ਨਾਲ ਹੀ ਡਿਵਾਈਡਰਾਂ ਨੇੜੇ ਜਮ੍ਹਾਂ ਮਿੱਟੀ ਕਾਰਨ ਸੜਕ ਦਾ ਕਿਨਾਰਾ ਵੀ ਗੰਦਾ ਦਿਖਾਈ ਦੇਣ ਲੱਗ ਪਿਆ ਸੀ। ਸ਼ਹਿਰ ਵਿੱਚੋਂ ਰੋਜ਼ਾਨਾ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਥਾਵਾਂ ਦੀ ਸਫਾਈ ਕਰਵਾਉਣੀ ਜ਼ਰੂਰੀ ਸਮਝੀ ਜਾ ਰਹੀ ਸੀ। ਹੁਣ ਵਿਭਾਗ ਵੱਲੋਂ ਇਸ ਪਾਸੇ ਧਿਆਨ ਦਿੰਦਿਆਂ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਮਜ਼ਦੂਰਾਂ ਵੱਲੋਂ ਡਿਵਾਈਡਰਾਂ ਦੇ ਨਾਲ ਲੱਗੀ ਮਿੱਟੀ ਨੂੰ ਹਟਾਉਣ ਅਤੇ ਘਾਹ-ਫੂਸ ਦੀ ਸਫਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨਾਲ ਜਿੱਥੇ ਸੜਕ ਦੀ ਦਿੱਖ ’ਚ ਸੁਧਾਰ ਆਉਣ ਦੀ ਉਮੀਦ ਹੈ, ਉੱਥੇ ਹੀ ਆਵਾਜਾਈ ਲਈ ਵੀ ਸਾਫ਼-ਸੁਥਰਾ ਮਾਹੌਲ ਬਣ ਸਕੇਗਾ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਗੁਰਦਿਆਲ ਗੋਲਡੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਅਤੇ ਸੜਕੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਹ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੂਰਪੁਰਬੇਦੀ ਤੋਂ ਇਲਾਵਾ ਅੱਡਾ ਬੈਂਸ ਵਿਖੇ ਵੀ ਡਿਵਾਈਡਰਾਂ ਦੇ ਆਲੇ-ਦੁਆਲੇ ਪਈ ਮਿੱਟੀ ਅਤੇ ਉੱਗੇ ਘਾਹ-ਫੂਸ ਨੂੰ ਹਟਾਉਣ ਲਈ ਸਫਾਈ ਮੁਹਿੰਮ ਚਲਾਈ ਜਾਵੇਗੀ।