ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Publish Date: Mon, 02 Nov 2026 03:46 PM (IST)
Updated Date: Mon, 02 Nov 2026 03:47 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜਨਗਣਨਾ-2027 ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿਚ ਲੋਕਾਂ ਨੂੰ ਸਵੈ-ਗਣਨਾ ਦੀ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਮੁਹਿੰਮ ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਕਸ਼ਿਤਾ ਗੁਪਤਾ ਤੇ ਡਿਪਟੀ ਸਟੈਟਿਸਟੀਕਲ ਐਂਡ ਇਕਨਾਮਿਕ ਅਫ਼ਸਰ ਅਰੁਣ ਕੁਮਾਰ ਮਹਾਜਨ ਦੀ ਅਗਵਾਈ ਹੇਠ ਚਲਾਈ ਗਈ। ਇਸ ਮੁਹਿੰਮ ਦੌਰਾਨ ਜ਼ਿਲ੍ਹਾ ਮਾਸਟਰ ਟ੍ਰੇਨਰ ਸਤਨਾਮ ਸਿੰਘ, ਇਨਵੈਸਟੀਗੇਟਰ ਸੁਖਵੀਰ ਸਿੰਘ ਤੇ ਯੰਗ ਪ੍ਰੋਫੈਸ਼ਨਲ ਸਤਵਿੰਦਰ ਸਿੰਘ ਨੇ ਲੋਕਾਂ ਨੂੰ ਸਵੈ-ਗਣਨਾ ਦੀ ਮਹੱਤਤਾ ਤੇ ਇਸ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਸਹੂਲਤ ਰਾਹੀਂ ਨਾਗਰਿਕ ਘਰ ਬੈਠੇ ਹੀ ਆਪਣੇ ਘਰ ਤੇ ਪਰਿਵਾਰ ਸਬੰਧੀ ਲੋੜੀਂਦੀ ਜਾਣਕਾਰੀ ਦਰਜ ਕਰਵਾ ਸਕਦੇ ਹਨ ਤੇ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਵੈ-ਗਣਨਾ ਆਈਡੀ. ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਲੋਕਾਂ ਨੂੰ ਪੋਰਟਲ ’ਤੇ ਰਜਿਸਟ੍ਰੇਸ਼ਨ, ਮੋਬਾਈਲ ਓਟੀਪੀ. ਰਾਹੀਂ ਤਸਦੀਕ, ਘਰ ਦੀ ਸਥਿਤੀ ਦਰਜ ਕਰਨ ਤੇ ਸਹੀ ਜਾਣਕਾਰੀ ਭਰਨ ਬਾਰੇ ਵੀ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ-2027 ਵਿਚ ਸਰਗਰਮੀ ਨਾਲ ਭਾਗ ਲੈਣ ਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ, ਤਾਂ ਜੋ ਦੇਸ਼ ਦੇ ਵਿਕਾਸ ਤੇ ਸਿੱਖਿਆ, ਸਿਹਤ, ਰੁਜ਼ਗਾਰ ਸਮੇਤ ਵੱਖ-ਵੱਖ ਖੇਤਰਾਂ ਦੀ ਯੋਜਨਾਬੰਦੀ ਲਈ ਭਰੋਸੇਯੋਗ ਅੰਕੜੇ ਉਪਲਬਧ ਹੋ ਸਕਣ। ਇਸ ਮੌਕੇ ਤਹਿਸੀਲਦਾਰ ਰੂਪਨਗਰ ਸੁਰਿੰਦਰਪਾਲ ਸਿੰਘ ਪੰਨੂ, ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ ਸਤਿਆ ਨਾਰਾਇਣ, ਧਰਮਪ੍ਰੀਤ ਸਿੰਘ, ਜ਼ਿਲ੍ਹਾ ਮਾਸਟਰ ਟ੍ਰੇਨਰ ਰਬਿੰਦਰ ਸਿੰਘ ਰੱਬੀ ਤੇ ਰੋਹਿਤ ਕੁਮਾਰ ਵੀ ਹਾਜ਼ਰ ਸਨ।