ਝੋਟੇ ਦੇ ਕਤਲ ਖਿਲਾਫ ਕਿਸਾਨ ਤੇ ਜਨਤਕ ਜਥੇਬੰਦੀਆਂ ਵੱਲੋਂ ਵਿਧਾਇਕਾਂ ਨੂੰ ਲਾਹਨਤ ਪੱਤਰ 19 ਨੂੰ ਪਰਮਿੰਦਰ ਝੋਟੇ ਦੇ ਕਤਲ ਖਿਲਾਫ ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਵਿਧਾਇਕਾਂ ਨੂੰ ਲਾਹਨਤ ਪੱਤਰ 19 ਨੂੰ
Publish Date: Sat, 17 Oct 2026 07:00 PM (IST)
Updated Date: Sat, 17 Oct 2026 07:00 PM (IST)
ਰਿਹਾਇਸ਼ ਅੱਗੇ ਧਰਨਾ ਦੇ ਕੇ ਚਿਪਕਾਏ ਜਾਣਗੇ ਲਾਹਨਤ ਪੱਤਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੇ ਨਸ਼ਿਆਂ ਖਿਲਾਫ ਲੜ ਰਹੇ ਯੋਧੇ ਪਰਮਿੰਦਰ ਸਿੰਘ ਝੋਟਾ ਦੀ ਨਸ਼ਾ ਤਸਕਰਾਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰਨ ਵਿਰੁੱਧ ਸਮਾਜ ਦੇ ਸਾਰੇ ਵਰਗਾਂ ’ਚ ਸਰਕਾਰ ਖਿਲਾਫ ਜਬਰਦਸਤ ਗੁੱਸੇ ਅਤੇ ਰੋਹ ਦੀ ਲਹਿਰ ਹੈ। ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਦੀਆਂ ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ 19 ਅਕਤੂਬਰ ਦਿਨ ਸੋਮਵਾਰ ਨੂੰ ਲਾਹਣਤ ਪੱਤਰ ਭੇਜ ਕੇ ਲਾਹਨਤਾਂ ਪਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਜ਼ਿਲ੍ਹੇ ਦੀਆਂ ਕਿਸਾਨ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਸਾਥੀ ਨਿਰਮਲ ਸਿੰਘ ਲੌਦੀ ਮਾਜਰਾ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਹੋਈ ਜਿਸ ’ਚ ਫੈਸਲਾ ਲਿਆ ਗਿਆ ਕਿ ਚਮਕੌਰ ਸਾਹਿਬ ਹਲਕਾ ਵਿਧਾਇਕ ਦੀ ਰਿਹਾਇਸ਼ ਮੋਰਿੰਡਾ ਵਿਖੇ ਸਥਾਨਕ ਆਗੂਆਂ ਵੱਲੋਂ ਲਾਹਨਤ ਪੱਤਰ ਦਿੱਤਾ ਜਾਵੇਗਾ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੰਤਰੀ ਹਰਜੋਤ ਬੈਂਸ ਨੂੰ ਸਥਾਨਕ ਆਗੂ ਲਾਹਨਤ ਪੱਤਰ ਦੇਣਗੇ। ਜ਼ਿਲ੍ਹਾ ਹੈੱਡ ਕੁਆਰਟਰ ਵਿਖੇ ਸਮੁੱਚੇ ਆਗੂ ਇਕੱਠ ਕਰਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੇ ਘਰ ਅੱਗੇ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਧਰਨਾ ਦੇ ਕੇ ਲਾਹਨਤ ਪੱਤਰ ਦੇਣਗੇ। ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ, ਉਸਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਸਮਾਜ ਵਿਰੋਧੀ ਨਸ਼ਾ ਤਸਕਰਾਂ ਨਾਲ ਲੜਦਿਆਂ ਆਪਣਾ ਬਲੀਦਾਨ ਦਿੱਤਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ ਦਵਾਉਣ ਲਈ ਹੋ ਰਹੇ ਇਕੱਠਾਂ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸਰਕਾਰ ਤੇ ਦਬਾਅ ਪਾ ਕੇ ਪਰਮਿੰਦਰ ਸਿੰਘ ਝੋਟਾ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਵਾਇਆ ਜਾ ਸਕੇ। ਮੀਟਿੰਗ ’ਚ ਸਾਥੀ ਮੋਹਨ ਸਿੰਘ ਧਮਾਣਾ ਆਗੂ ਆਲ ਇੰਡੀਆ ਕਿਸਾਨ ਮੋਰਚਾ,ਸੁਖਦੇਵ ਸਿੰਘ ਸੁਰਤਾਪੁਰੀ ਏਟਕ ਆਗੂ,ਸੁਖਦੇਵ ਸਿੰਘ ਇੰਟਕ ਆਗੂ, ਕਨਵੀਨਰ ਧਰਮਪਾਲ ਸੈਣੀ ਮਾਜਰਾ, ਸ਼ਮਸ਼ੇਰ ਸਿੰਘ ਹਵੇਲੀ ਜਮਹੂਰੀ ਕਿਸਾਨ ਸਭਾ, ਗੁਰਚਰਨ ਸਿੰਘ ਢੋਲਣ ਮਾਜਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਾਥੀ ਰਣਵੀਰ ਸਿੰਘ ਰੰਧਾਵਾ ਆਗੂ ਪੰਜਾਬ ਸਟੂਡੈਂਟਸ ਯੂਨੀਅਨ, ਕਰਨਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ,ਪ੍ਰੇਮ ਸਿੰਘ ਰੈਲੋਂ, ਗੁਰਨਾਮ ਸਿੰਘ ਢੋਲਣ ਮਾਜਰਾ, ਸੁਖਬੀਰ ਸਿੰਘ ਸੁੱਖਾ ਆਗੂ ਕੁੱਲ ਹਿੰਦ ਕਿਸਾਨ ਸਭਾ, ਜੁਝਾਰ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਖੋਸਾ,ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।