ਪੀਐੱਸਐੱਮਐੱਸਯੂ ਨੇ ਦੋ ਦਿਨਾਂ ਲਈ ਵਧਾਈ ਕਲਮਛੋੜ ਹੜਤਾਲ ਪੀਐੱਸਐੱਮਐੱਸਯੂ ਨੇ ਦੋ ਦਿਨਾਂ ਲਈ ਵਧਾਈ ਕਲਮਛੋੜ ਤੇ ਕੰਪਿਊਟਰ ਬੰਦ
Publish Date: Wed, 19 Aug 2026 04:11 PM (IST)
Updated Date: Wed, 19 Aug 2026 04:12 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ (ਪੀਐੱਸਐੱਮਐੱਸਯੂ) ਪੰਜਾਬ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਦਿੱਤੇ ਐਕਸ਼ਨ ਨੂੰ ਸਫਲ ਬਣਾਉਦੇ ਹੋਏ, ਦੋ ਦਿਨਾਂ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਨੂੰ 21 ਅਗਸਤ ਤੱਕ ਵਧਾ ਦਿੱਤਾ ਗਿਆ। ਇਸ ਹੜ੍ਹਤਾਲ ਦੇ ਤੀਜੇ ਦਿਨ 19 ਅਗਸਤ ਨੂੰ ਵੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਜਾਰੀ ਰਹੀ। ਇਸ ਦੌਰਾਨ ਸਮੂਹ ਕਰਮਚਾਰੀ ਤਹਿਸੀਲ ਦਫਤਰ ਰੂਪਨਗਰ ਵਿਖੇ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ (ਪੁਰਾਣੀ ਪੈਂਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀ ਕਿਸ਼ਤਾਂ ਜਾਰੀ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ, 15 ਜਨਵਰੀ, 2015 ਅਤੇ 17 ਜੁਲਾਈ, 2020 ਦੇ ਪੱਤਰ ਰੱਦ ਕਰਵਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਨਾ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨਾ ਅਤੇ ਹੋਰ ਹੱਕੀ ਮੰਗਾਂ) ਲਈ ਧਰਨਾ ਦਿੱਤਾ ਗਿਆ। ਇਸ ਵਿਚ ਸਮੂਹ ਵਿਭਾਗਾਂ ਦੇ ਕਰਮਚਾਰੀ ਵੀ ਸ਼ਾਮਿਲ ਹੋਏ। ਇਸ ਮੌਕੇ ਯੂਨੀਅਨਾਂ ਦੇ ਅਹੁਦੇਦਾਰਾਂ ਵੱਲੋਂ ਜਿੱਥੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ ਤੇ ਇਨ੍ਹਾਂ ਨੀਤੀਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੂਬਾਈ ਜੱਥੇਬੰਦੀ ਦੇ ਸੱਦੇ ’ਤੇ 23 ਅਗਸਤ ਨੂੰ ਸਤੌਜ (ਸੰਗਰੂਰ) ਵਿਖੇ ਹੋਣ ਵਾਲੇ ਸੂਬਾ ਪੱਧਰੀ ਰੈਲੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ 27 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਸ ਐਂਟੀ ਸਟੇਟ ਵਾਲੇ ਬਿਆਨ ਨੂੰ ਵਾਪਸ ਲਵੇ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਤੇ ਜੇਕਰ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਦਫਤਰੀ ਕਾਮਿਆਂ ਵੱਲੋਂ ਸਰਕਾਰ ਦੇ ਖਿਲਾਫ ਹੋਰ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਅਮਰਜੀਤ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਪੀਐੱਸਐੱਮਐੱਸਯੂ ਰੂਪਨਗਰ, ਜਸਵਿੰਦਰ ਕੌਰ ਵਾਈਸ ਚੇਅਰਮੈਨ, ਅਮਨਦੀਪ ਸਿੰਘ ਜਨਰਲ ਸਕੱਤਰ, ਮਨੋਜ ਕੁਮਾਰ ਪ੍ਰਧਾਨ ਡੀਸੀ ਦਫਤਰ, ਪ੍ਰਭਜੋਤ ਸਿੰਘ, ਕਰਮਵੀਰ ਸਿੰਘ, ਪਰਮਿੰਦਰ ਸਿੰਘ ਸਟੈਨੋ, ਸੰਦੀਪ ਭੱਟ, ਪ੍ਰਿੰਸਪਾਲ ਸੁਰਿੰਦਰ ਸਿੰਘ ਖੇੜੀ, ਜਸਵੀਰ ਸਿੰਘ, ਵਿਨੈ ਧਵਨ, ਨਰਿੰਦਰ ਸਿੰਘ ਐਕਸਾਈਜ਼, ਜਗਤਾਰ ਸਿੰਘ ਗਿੱਲ, ਸੰਜੀਵ ਕੁਮਾਰ, ਸੰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਬਹੁ ਗਿਣਤੀ ਵਿਚ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ।