ਕੰਪਿਊਟਰ ਫੈਕਲਟੀ ਅਧਿਆਪਕ ਦੀ ਡੈਪੂਟੇਸ਼ਨ ਖ਼ਿਲਾਫ਼ ਮੁੜ ਲੋਕਾਂ ਦਾ ਫੁੱਟਿਆ ਗੁੱਸਾ
ਕੰਪਿਊਟਰ ਫੈਕਲਟੀ ਅਧਿਆਪਕ ਦੀ ਡੈਪੂਟੇਸ਼ਨ ਖ਼ਿਲਾਫ਼ ਮੁੜ ਲੋਕਾਂ ਦਾ ਫੁੱਟਿਆ ਗੁੱਸਾ
Publish Date: Thu, 29 Jan 2026 04:45 PM (IST)
Updated Date: Fri, 30 Jan 2026 04:05 AM (IST)

ਚਨੌਲੀ ਬਸੀ ਸਕੂਲ ਦੇ ਗੇਟ ਅੱਗੇ ਪਿੰਡਾਂ ਵੱਲੋਂ ਰੋਸ ਧਰਨਾ, ਡੈਪੂਟੇਸ਼ਨ ਰੱਦ ਨਾ ਹੋਈ ਤਾਂ ਸਕੂਲ ਨੂੰ ਤਾਲਾ ਲਗਾਉਣ ਦੀ ਚੇਤਾਵਨੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਵਿਚ ਕੰਪਿਊਟਰ ਫੈਕਲਟੀ ਮੈਡਮ ਦੀ ਮੁੜ ਡੈਪੂਟੇਸ਼ਨ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਚਨੌਲੀ, ਬਸੀ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਮੁੜ ਸਕੂਲ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰਦਿਆਂ ਡੈਪੂਟੇਸ਼ਨ ਦੇ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਬੁਲਾਰਿਆਂ ਨੇ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਬਿਨ੍ਹਾਂ ਲੋੜ ਅਤੇ ਬਿਨ੍ਹਾਂ ਅਸਾਮੀ ਦੇ ਅਧਿਆਪਕਾਂ ਨੂੰ ਡੈਪੂਟੇਸ਼ਨ ‘ਤੇ ਭੇਜਣਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਡੈਪੂਟੇਸ਼ਨ ਰੱਦ ਨਾ ਕੀਤੀ ਗਈ, ਤਾਂ ਪਿੰਡ ਵਾਸੀ ਮਜਬੂਰੀ ਵਿਚ ਸਕੂਲ ਨੂੰ ਤਾਲਾ ਲਗਾਉਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਧਰਨਾਕਾਰੀਆਂ ਵੱਲੋਂ ਸਕੂਲ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ‘ਤੇ ਪ੍ਰਿੰਸੀਪਲ ਨੇ ਉੱਚ ਅਧਿਕਾਰੀਆਂ ਤੱਕ ਮਾਮਲਾ ਪਹੁੰਚਾਉਣ ਦਾ ਭਰੋਸਾ ਦਿੱਤਾ। ਬੁਲਾਰਿਆਂ ਨੇ ਦੱਸਿਆ ਕਿ ਉਕਤ ਕੰਪਿਊਟਰ ਫੈਕਲਟੀ ਮੈਡਮ ਪਿਛਲੇ ਚਾਰ ਸਾਲਾਂ ਤੋਂ ਐਸਏਐਸ ਨਗਰ (ਮੋਹਾਲੀ) ਦੇ ਸ.ਸ.ਸ.ਸ. ਬਹਿਲੋਲਪੁਰ ਸਕੂਲ ਵਿੱਚ ਡੈਪੂਟੇਸ਼ਨ ‘ਤੇ ਸੇਵਾ ਨਿਭਾ ਰਹੀ ਸੀ, ਜਦਕਿ ਉੱਥੇ ਇਸ ਵਿਸ਼ੇ ਦੀ ਕੋਈ ਖਾਲੀ ਅਸਾਮੀ ਵੀ ਨਹੀਂ। ਡਾਇਰੈਕਟੋਰੇਟ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ 31 ਦਸੰਬਰ 2025 ਤੱਕ ਆਰਜ਼ੀ ਐਡਜਸਟਮੈਂਟਾਂ ਰੱਦ ਕਰਨ ਦੇ ਹੁਕਮਾਂ ਤੋਂ ਬਾਅਦ ਮੈਡਮ ਚਨੌਲੀ ਬਸੀ ਸਕੂਲ ਵਿਚ ਜੁਆਇਨ ਕਰ ਗਏ ਸਨ, ਪਰ ਸਿਰਫ ਇੱਕ ਹਫਤੇ ਅੰਦਰ ਹੀ 20 ਜਨਵਰੀ 2026 ਨੂੰ ਮੁੜ ਬਹਿਲੋਲਪੁਰ ਲਈ ਡੈਪੂਟੇਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਧਰਨਾਕਾਰੀਆਂ ਨੇ ਦੱਸਿਆ ਕਿ ਚਨੌਲੀ ਬਸੀ ਸਕੂਲ ਵਿੱਚ ਕੰਪਿਊਟਰ ਫੈਕਲਟੀ ਦੀਆਂ ਸਿਰਫ ਦੋ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਪਿਛਲੇ ਚਾਰ ਸਾਲਾਂ ਤੋਂ ਡੈਪੂਟੇਸ਼ਨ ਕਾਰਨ ਖਾਲੀ ਪਈ ਹੈ। ਨਤੀਜੇ ਵਜੋਂ ਸਿਰਫ ਇੱਕ ਅਧਿਆਪਕ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕੰਪਿਊਟਰ ਪੜ੍ਹਾ ਰਿਹਾ ਹੈ, ਜੋ ਬੱਚਿਆਂ ਨਾਲ ਸਾਫ਼ ਬੇਇਨਸਾਫੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਿੱਚ ਇਸ ਸਮੇਂ ਇੱਕ ਸਾਇੰਸ, ਦੋ ਮੈਥ, ਇੱਕ ਡੀਪੀਈ ਅਤੇ ਇੱਕ ਇਤਿਹਾਸ ਲੈਕਚਰਾਰ ਦੀ ਅਸਾਮੀ ਵੀ ਖਾਲੀ ਪਈ ਹੈ। ਸਰਕਾਰ ਵੱਲੋਂ ਇਹ ਅਸਾਮੀਆਂ ਭਰਨ ਦੀ ਬਜਾਏ ਮੌਜੂਦਾ ਅਧਿਆਪਕਾਂ ਨੂੰ ਹੀ ਡੈਪੂਟੇਸ਼ਨ ‘ਤੇ ਭੇਜਿਆ ਜਾ ਰਿਹਾ ਹੈ, ਜਿਸ ਨਾਲ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਧਿਆਪਕ ਪੂਰੇ ਹੋਣ ਕਾਰਨ ਸਕੂਲ ਦੇ ਵਿਦਿਆਰਥੀ ਪੰਜਾਬ ਮੈਰਿਟਾਂ ਵਿੱਚ ਸਥਾਨ ਹਾਸਲ ਕਰਦੇ ਰਹੇ ਹਨ, ਪਰ ਹੁਣ ਅਧਿਆਪਕਾਂ ਦੀ ਘਾਟ ਕਾਰਨ ਮਾਪੇ ਬੱਚਿਆਂ ਨੂੰ ਹੋਰ ਸਕੂਲਾਂ ਵਿਚ ਭੇਜਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਧਰਨੇ ’ਚ ਕੁਲਵਿੰਦਰ ਸਿੰਘ ਸਰਪੰਚ ਚਨੌਲੀ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਬਾਦਲ ਸਿੰਘ ਮੱਲੀ, ਗੁਰਚਰਨ ਸਿੰਘ ਧੰਨਾ, ਇੰਦਰਜੀਤ ਸਿੰਘ ਰੀਠੂ, ਕੁਲਜਿੰਦਰ ਸਿੰਘ ਲਾਲਪੁਰ, ਗੁਰਵਿੰਦਰ ਸਿੰਘ ਨੰਬਰਦਾਰ, ਜਰਨੈਲ ਸਿੰਘ ਪੰਚ, ਫੁਮਣ ਸਿੰਘ ਪੰਚ, ਸੇਵਾ ਮੁਕਤ ਮੁੱਖ ਅਧਿਆਪਕ ਬਲੀ ਸਿੰਘ, ਅਮਰੀਕ ਸਿੰਘ ਸਮੀਰੋਵਾਲ (ਜੀਟੀਯੂ), ਰਾਜਕੁਮਾਰੀ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ, ਅਸ਼ੋਕ ਕੁਮਾਰ ਸੈਣੀ, ਅੰਕੂ ਪੰਡਿਤ, ਮੀਨਾ ਰਾਣੀ ਆਦਿ ਹਾਜ਼ਰ ਸਨ। ਬਾਕਸ : ਸਕੂਲ ’ਚ ਅਧਿਆਪਕਾਂ ਦੀ ਭਾਰੀ ਕਮੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਵਿਚ ਇਸ ਸਮੇਂ ਅਧਿਆਪਕਾਂ ਦੀ ਭਾਰੀ ਕਮੀ ਚੱਲ ਰਹੀ ਹੈ। ਸਕੂਲ ਵਿਚ ਇੱਕ ਸਾਇੰਸ ਅਧਿਆਪਕ, ਦੋ ਮੈਥ ਅਧਿਆਪਕ, ਇੱਕ ਡੀਪੀਈ (ਫਿਜ਼ੀਕਲ ਐਜੂਕੇਸ਼ਨ) ਅਧਿਆਪਕ ਅਤੇ ਇੱਕ ਇਤਿਹਾਸ ਵਿਸ਼ੇ ਦੇ ਲੈਕਚਰਾਰ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਪਈ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਨਾ ਤਾਂ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਖਾਲੀ ਅਸਾਮੀਆਂ ਨੂੰ ਭਰਨ ਵੱਲ ਕੋਈ ਗੰਭੀਰ ਕਦਮ ਚੁੱਕਿਆ ਜਾ ਰਿਹਾ ਹੈ। ਉਲਟਾਂ ਮੌਜੂਦਾ ਅਧਿਆਪਕਾਂ ਨੂੰ ਡੈਪੂਟੇਸ਼ਨ ‘ਤੇ ਭੇਜ ਕੇ ਸਕੂਲ ਦੀ ਸਿੱਖਿਆ ਵਿਵਸਥਾ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਨੁਕਸਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪਹੁੰਚ ਰਿਹਾ ਹੈ। ਬਾਕਸ: ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ 4 ਦਿਨਾਂ ਦਾ ਅਲਟੀਮੇਟਮ : ਰੋਸ ਧਰਨੇ ਦੌਰਾਨ ਗ੍ਰਾਮ ਪੰਚਾਇਤ, ਮਾਪਿਆਂ ਤੇ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਸਿੱਖਿਆ ਵਿਭਾਗ ਨੂੰ 4 ਦਿਨਾਂ ਦਾ ਸਾਫ਼ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਉਕਤ ਕੰਪਿਊਟਰ ਫੈਕਲਟੀ ਅਧਿਆਪਕਾ ਦੀ ਡੈਪੂਟੇਸ਼ਨ ਰੱਦ ਨਾ ਕੀਤੀ ਗਈ ਤਾਂ ਪਿੰਡ ਵਾਸੀ ਮਜਬੂਰੀ ਵਿੱਚ ਸਕੂਲ ਨੂੰ ਤਾਲਾ ਲਗਾ ਕੇ ਪੱਕੇ ਤੌਰ ‘ਤੇ ਗੇਟ ਅੱਗੇ ਧਰਨਾ ਸ਼ੁਰੂ ਕਰਨਗੇ। ਇਸਦੇ ਨਾਲ ਹੀ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਵੀ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਬਾਕਸ : ਕੰਪਿਊਟਰ ਫੈਕਲਟੀ ਅਧਿਆਪਕਾ ਛੁੱਟੀ ’ਤੇ : ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਕੰਪਿਊਟਰ ਫੈਕਲਟੀ ਅਧਿਆਪਕਾ ਇਸ ਸਮੇਂ 29 ਜਨਵਰੀ ਤੱਕ ਛੁੱਟੀ ‘ਤੇ ਚੱਲ ਰਹੀ ਹੈ। ਇਸ ਕਾਰਨ ਸਕੂਲ ਵਿਚ ਕੰਪਿਊਟਰ ਵਿਸ਼ੇ ਦੀ ਪੜ੍ਹਾਈ ਹੋਰ ਵੀ ਪ੍ਰਭਾਵਿਤ ਹੋ ਰਹੀ ਹੈ। ਪਹਿਲਾਂ ਹੀ ਇੱਕ ਹੀ ਅਧਿਆਪਕ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਪੜ੍ਹਾ ਰਿਹਾ ਹੈ, ਜਿਸ ਨਾਲ ਬੱਚਿਆਂ ਦੀ ਸਿੱਖਿਆ ’ਤੇ ਗੰਭੀਰ ਅਸਰ ਪੈ ਰਿਹਾ ਹੈ। ਬਾਕਸ : ਜ਼ਿਲ੍ਹਾ ਸਿੱਖਿਆ ਇੰਚਾਰਜ ਦਾ ਭਰੋਸਾ : ਇਸ ਮਾਮਲੇ ‘ਤੇ ਜਦੋਂ ਜ਼ਿਲ੍ਹਾ ਸਿੱਖਿਆ ਇੰਚਾਰਜ ਰੂਪਨਗਰ ਰਾਜ ਕੁਮਾਰ ਖੋਸਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦ ਹੀ ਸਿੱਖਿਆ ਮੰਤਰੀ ਨਾਲ ਇਸ ਮਸਲੇ ‘ਤੇ ਵਿਚਾਰ ਕਰਕੇ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।