ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਬੰਦ ਦੇ ਸਮਰਥਨ ’ਚ ਕੀਤਾ ਪ੍ਰਦਰਸ਼ਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਬੰਦ ਦੇ ਸਮਰਥਨ ਵਿਚ ਕੀਤਾ ਪ੍ਰਦਰਸ਼ਨ
Publish Date: Thu, 15 Oct 2026 03:17 PM (IST)
Updated Date: Thu, 15 Oct 2026 03:18 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਪੰਜਾਬ ’ਚ ਨਸ਼ਿਆਂ ਦੇ ਵਧ ਰਹੇ ਕਾਰੋਬਾਰ, ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਅਤੇ ਨਸ਼ਿਆਂ ਦੇ ਕਾਰੋਬਾਰ ਪਿੱਛੇ ਕਥਿਤ ਪੁਲਿਸ-ਸਿਆਸੀ ਗੱਠਜੋੜ ਵਿਰੁੱਧ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਮਜ਼ਦੂਰਾਂ ਦੇ ਇਕੱਠ ਨੂੰ ਮਲਾਗਰ ਸਿੰਘ ਖਮਾਣੋ ਜ਼ਿਲ੍ਹਾ ਸਕੱਤਰ ਇਫਟੂ, ਸਤਵਿੰਦਰ ਸਿੰਘ ਨੀਟਾ, ਸੁਰਿੰਦਰ ਸਿੰਘ ਅੰਗਰੇਜ਼, ਗੁਲਾਬ ਚੰਦ ਚੌਹਾਨ, ਗੁਰਮੇਲ ਸਿੰਘ ਨੇ ਸਬੋਧਨ ਕਰਦਿਆਂ ਕਿਹਾ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਨਸ਼ਿਆਂ ਕਾਰਨ ਅਨੇਕਾਂ ਪਰਿਵਾਰ ਉੱਜੜ ਰਹੇ ਹਨ ਅਤੇ ਮਾਪਿਆਂ ਦੇ ਸੁਪਨੇ ਟੁੱਟ ਰਹੇ ਹਨ। ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਸਰਕਾਰ ਨੂੰ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਨਸ਼ਿਆਂ ਵਿਰੁੱਧ ਸੰਘਰਸ਼ ਕਰਦੇ ਰਹੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ’ਚ ਇਨਸਾਫ਼ ਯਕੀਨੀ ਬਣਾਉਣ ਅਤੇ ਇਸ ਮਾਮਲੇ ਨਾਲ ਸਬੰਧਤ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਸਿਆਸੀ ਆਗੂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਬਿਨਾਂ ਕਿਸੇ ਪੱਖਪਾਤ ਦੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਛੋਟੇ ਤਸਕਰਾਂ ਵਿਰੁੱਧ ਕਾਰਵਾਈ ਕਰਕੇ ਹੱਲ ਨਹੀਂ ਕੀਤਾ ਜਾ ਸਕਦਾ। ਨਸ਼ਿਆਂ ਦੀ ਸਪਲਾਈ ਦੇ ਪੂਰੇ ਨੈੱਟਵਰਕ, ਵੱਡੇ ਤਸਕਰਾਂ ਅਤੇ ਉਨ੍ਹਾਂ ਨੂੰ ਕਥਿਤ ਸਰਪ੍ਰਸਤੀ ਦੇਣ ਵਾਲੇ ਲੋਕਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕਰਨੀ ਲਾਜ਼ਮੀ ਹੈ। ਇਸ ਦੇ ਨਾਲ ਹੀ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੇ ਇਲਾਜ, ਮੁੜ ਵਸੇਬੇ ਅਤੇ ਰੁਜ਼ਗਾਰ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸ ਮੌਕੇ ਗੁਰਮੇਲ ਸਿੰਘ, ਅਜੈਬ ਸਿੰਘ ਸਮਾਣਾ, ਜੀਵਨ ਸਿੰਘ, ਕੁਲਦੀਪ ਸਿੰਘ ਡਹਿਰ, ਜਗਦੀਸ਼ ਸਿੰਘ, ਉਂਕਾਰ, ਜਸਵੰਤ ਸਿੰਘ ਆਦਿ ਹਾਜ਼ਰ ਸਨ।