ਬਾਬਾ ਸਾਹਿਬ ਡਾ.ਬੀਆਰ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਵਿਰੁੱਧ ਰੋਸ ਬਾਬਾ ਸਾਹਿਬ ਡਾ.ਬੀਆਰ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਵਿਰੁੱਧ ਰੋਸ
Publish Date: Sat, 12 Sep 2026 04:16 PM (IST)
Updated Date: Sat, 12 Sep 2026 04:17 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਬਾਬਾ ਪਰਮਜੀਤ ਸਿੰਘ ਰੌਲੂ ਮਾਜਰਾ ਵਲੋਂ ਗਹਿਰਾ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੈਮੋਰੰਡਮ ਭੇਜ ਕੇ ਦੋਸ਼ੀਆਂ ਵਿਰੁੱਧ ਸਮਾਂਬੱਧ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਭਰ ਵਿਚ ਬਾਬਾ ਸਾਹਿਬ ਅਤੇ ਬਹੁਜਨ ਸਮਾਜ ਦੇ ਹੋਰ ਰਹਿਬਰਾਂ ਦੇ ਬੁੱਤਾਂ ਦੀ ਸੁਰੱਖਿਆ ਲਈ ਸਥਾਈ ਨਿਗਰਾਨੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਪ੍ਰੰਤੂ ਸਰਕਾਰ ਵੱਲੋਂ ਇਸ ਸਬੰਧੀ ਕੋਈ ਸਥਾਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਅਜਿਹੀਆਂ ਘਟਨਾਵਾਂ ਰੁਕਣ ਦੀ ਬਜਾਏ ਜਾਰੀ ਹਨ। ਉਨ੍ਹਾਂ ਬੀਤੇ ਦਿਨੀਂ ਲੁਧਿਆਣਾ ਵਿਖੇ ਵਾਪਰੀ ਬੁੱਤ ਦੀ ਬੇਅਦਬੀ ਦੀ ਘਟਨਾ ’ਤੇ ਗੰਭੀਰ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੀ ਘਟਨਾ ਭਵਿੱਖ ਵਿਚ ਹੋਈ ਤਾਂ ਇਸ ਦੇ ਖਿਲਾਫ ਵੱਡੇ ਪੱਧਰ ਉੱਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰਾਂ ਦੀ ਹੋਵੇਗੀ।