- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਮੁੱਖ ਮੰਤਰੀ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਵਿਰੋਧ

15 ਸਾਲ ਲਗਾਤਾਰ ਸੱਤਾ ’ਚ ਰਹਿਣ ਤੇ ਮੁੱਖ ਮੰਤਰੀ ਵਜੋਂ 111 ਦਿਨ ਕੰਮ ਕਰਨ ਸਮੇਂ ਕਿਉਂ ਨਹੀਂ ਕੀਤਾ ਨਸ਼ਿਆਂ ਦਾ ਹੱਲ : ਹਰਮੋਹਣ ਸੰਧੂ
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਗਈ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਮਹਿਜ ਇੱਕ ਚੁਣਾਵੀ ਸਟੰਟ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਕਿਹਾ ਕਿ ਸੱਚ ’ਚ ਹੀ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕਰਨਾ ਜਾਂ ਰੈਲੀਆਂ ਕਰਨਾ ਇੱਕ ਸਲਾਘਾਯੋਗ ਕਦਮ ਹੈ ਪਰੰਤੂ ਜੇਕਰ ਇਸ ਦੇ ਪਿੱਛੇ ਕੋਈ ਸਿਆਸੀ ਮਨੋਰਥ ਹੋਵੇ ਤਾਂ ਇਸ ਦੀ ਜਿੰਨੀ ਆਲੋਚਨਾ ਕੀਤੀ ਜਾਵੇ ਘੱਟ ਹੈ।
ਉਨਾਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਨਸ਼ਿਆਂ ਪ੍ਰਤੀ ਇੰਨੇ ਹੀ ਸੁਹਿਰਦ ਹੁੰਦੇ ਤਾਂ ਆਪਣੇ ਵਿਧਾਇਕ, ਮੰਤਰੀ ਕਾਲ ਤੇ ਮੁੱਖ ਮੰਤਰੀ ਕਾਲ ਦੇ ਸਮੇਂ ਨਸ਼ਿਆਂ ਨੂੰ ਠੱਲ ਪਾਉਣ ਲਈ ਕੋਈ ਠੋਸ ਕਾਰਵਾਈ ਕਰਦੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੀ ਹੀ ਜਵਾਨੀ ਸੰਭਾਲ ਸਾਈਕਲ ਯਾਤਰਾ 2016 ’ਚ ਵੀ ਕੱਢ ਚੁੱਕੇ ਹਨ ਜੋ ਚੋਣਾਂ ਤੋਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੱਢੀ ਗਈ ਸੀ। ਹੁਣ ਚੰਨੀ ਵੱਲੋਂ ਉਸੇ ਤਰਜ ਤੇ ਠੀਕ ਚੋਣਾਂ ਤੋਂ ਪਹਿਲਾਂ ਇਹ ਜਵਾਨੀ ਸੰਭਾਲੋ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ ਤਾਂ ਜੋ ਕੁਝ ਮਹੀਨੇ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਇਸ ਦਾ ਲਾਹਾ ਲਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਖਰਚ ਕਰਕੇ ਚੰਨੀ ਅਜਿਹੀਆਂ ਰੈਲੀਆਂ ਕੱਢ ਰਹੇ ਹਨ ਤੇ ਸਾਈਕਲ ਵੀ ਆਪਣੇ ਵੱਲੋਂ ਲਿਆਉਂਦੇ ਹਨ। ਹਲਕਾ ਇੰਚਾਰਜ ਸੰਧੂ ਨੇ ਕਿਹਾ ਕਿ ਜੇਕਰ ਚੰਨੀ ਸਾਈਕਲ ਯਾਤਰਾਵਾਂ ਕੱਢਣ ਲਈ ਇੰਨੇ ਹੀ ਸੁਹਿਰਦ ਹਨ ਤਾਂ ਉਹ ਯਾਤਰਾ ਲਈ ਆਪਣੇ ਕੋਲੋਂ ਸਾਈਕਲ ਨਾ ਦੇਣ ਤੇ ਫਿਰ ਇਨਾ ਇਕੱਠ ਕਰਕੇ ਦਿਖਾਉਣ। ਉਨਾਂ ਕਿਹਾ ਕਿ ਚੰਨੀ ਇਹ ਵੀ ਦੱਸਣ ਕਿ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਸਮੇਂ ਨਸ਼ਿਆਂ ਦੇ ਖਾਤਮੇ ਲਈ ਕੋਈ ਠੋਸ ਉਪਰਾਲੇ ਕਿਉਂ ਨਹੀਂ ਕੀਤੇ ਜਿਸ ਦਾ ਅਸਰ ਬਾਅਦ ’ਚ ਦਿਖਾਈ ਦਿੱਤਾ ਹੋਵੇ। ਉਨਾਂ ਇਹ ਵੀ ਕਿਹਾ ਕਿ 2016 ਦੀ ਸਾਈਕਲ ਰੈਲੀ ਤੋਂ ਬਾਅਦ ਉਨਾਂ ਨਸ਼ਿਆਂ ਨੂੰ ਹਲਕੇ ਵਿੱਚੋਂ ਖਤਮ ਕਰਨ ਲਈ ਕੋਈ ਠੋਸ ਉਪਰਾਲਾ ਕਿਉਂ ਨਹੀਂ ਕੀਤਾ। ਜਦ ਕਿ ਉਸ ਤੋਂ ਬਾਅਦ ਉਹ ਵਿਧਾਇਕ, ਮੰਤਰੀ ਤੇ ਮੁੱਖ ਮੰਤਰੀ ਜਿਹੇ ਅਹਿਮ ਅਹੁਦਿਆਂ ਤੇ ਰਹਿ ਚੁੱਕੇ ਹਨ।
ਉਨਾਂ ਸਵਾਲ ਕੀਤਾ ਕਿ ਸਾਰਾ ਹਲਕਾ ਜਾਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਨਸ਼ਿਆਂ ਦੇ ਜੋਰ ਸੱਤਾ ’ਚ ਆਉਂਦੇ ਹਨ ਤੇ ਉਹ ਸੱਤਾ ’ਚ ਆਉਣ ਲਈ ਨਸ਼ਿਆਂ ਦੀ ਵਰਤੋਂ ਕਿਉਂ ਕਰਦੇ ਹਨ। ਤੇ ਹੁਣ ਲੋਕਾਂ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ ਸਾਈਕਲ ਯਾਤਰਾ ਕਿਉਂ ਕਰ ਰਹੇ ਹਨ। ਇੱਥੇ ਇਹ ਵੀ ਦੱਸਣੇ ਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਜਾ ਰਹੀ ਇਹ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਹੋਰ ਵੀ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਲਜਾਮ ਲਗਾਏ ਜਾ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਸਮੇਂ ਨਸ਼ਿਆਂ ਦੀ ਖੁੱਲ ਕੇ ਵਰਤੋਂ ਕਰਦੇ ਹਨ।