ਗੜ੍ਹੀ ਵੱਲੋਂ 8 ਪਿੰਡਾਂ ’ਚ ਵੰਡੇ ‘ਮੇਰਾ ਘਰ ਮੇਰੇ ਨਾਮ’ ਦੇ ਪੱਤਰ ਜਸਵੀਰ ਸਿੰਘ ਗੜੀ ਵੱਲੋਂ 8 ਪਿੰਡਾਂ ਚ ਵੰਡੇ ਮੇਰਾ ਘਰ ਮੇਰੇ ਨਾਮ ਦੇ ਪ੍ਰੋਪਰਟੀ ਪੱਤਰ
Publish Date: Thu, 22 Oct 2026 06:19 PM (IST)
Updated Date: Thu, 22 Oct 2026 06:21 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਜਸਵੀਰ ਸਿੰਘ ਗੜ੍ਹੀ ਵੱਲੋਂ ਖੇਤਰ ਦੇ 8 ਪਿੰਡਾਂ ਵਿਚ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਰਜਿਸਟਰੀਆਂ ਅਤੇ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇ ਉਨ੍ਹਾਂ ਨੇ ਪਿੰਡ ਢੋਲਣਮਾਜਰਾ ਵਿਚ ਕਰਵਾਏ ਗਏ ਸਮਾਗਮ ਦੌਰਾਨ 187 ਪੇਂਡੂਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਸੌਂਪੇ। ਸਮਾਗਮ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚ ਲਾਲ ਲਕੀਰ ਦੇ ਅੰਦਰ ਸਥਿਤ ਮਕਾਨਾਂ ਦੇ ਵਾਸੀਆਂ ਨੂੰ ਮਾਲਕਾਨਾ ਦਸਤਾਵੇਜ਼ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਵਰ੍ਹਿਆਂ ਪੁਰਾਣੀ ਮੰਗ ਪੂਰੀ ਕਰ ਰਹੀ ਹੈ। ਗੜ੍ਹੀ ਕਿਹਾ ਕਿ ਪਿੰਡਾਂ ਵਿਚ ਕਈ ਪਰਿਵਾਰ ਪੀੜ੍ਹੀਆਂ ਤੋਂ ਆਪਣੇ ਘਰਾਂ ਵਿਚ ਰਹਿ ਰਹੇ ਸਨ, ਪਰ ਉਨ੍ਹਾਂ ਕੋਲ ਆਪਣੀਆਂ ਜਾਇਦਾਦਾਂ ਦੇ ਕੋਈ ਪੁਖ਼ਤਾ ਕਾਨੂੰਨੀ ਦਸਤਾਵੇਜ਼ (ਮਾਲਕਾਨਾ ਹੱਕ) ਨਹੀਂ ਸਨ। ‘ਮੇਰਾ ਘਰ, ਮੇਰੇ ਨਾਮ’ ਸਕੀਮ ਅਜਿਹੇ ਪਰਿਵਾਰਾਂ ਲਈ ਇੱਕ ਇਤਿਹਾਸਕ ਪਹਿਲਕਦਮੀ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪ੍ਰਾਪਰਟੀ ਕਾਰਡਾਂ ਜ਼ਰੀਏ ਲਾਭਪਾਤਰੀਆਂ ਨੂੰ ਉਹੀ ਮਾਲਕਾਨਾ ਹੱਕ ਮਿਲ ਰਹੇ ਹਨ, ਜੋ ਤਹਿਸੀਲ ਵਿਚ ਰਜਿਸਟਰੀ ਕਰਵਾਉਣ ਤੋਂ ਬਾਅਦ ਮਿਲਦੇ ਹਨ। ਮਾਲ ਵਿਭਾਗ ਦੇ ਰਿਕਾਰਡ ਅਤੇ ਜਮ੍ਹਾਂਬੰਦੀ ਵਿਚ ਵੀ ਇਸ ਦਾ ਬਾਕਾਇਦਾ ਇੰਦਰਾਜ਼ (ਐਂਟਰੀ) ਹੋਵੇਗਾ। ਉਨ੍ਹਾਂ ਕਿਹਾ ਕਿ ਮਾਲਕਾਨਾ ਦਸਤਾਵੇਜ਼ ਮਿਲਣ ਤੋਂ ਬਾਅਦ ਹੁਣ ਪੇਂਡੂ ਲੋਕ ਆਪਣੀ ਜਾਇਦਾਦ ਦੀ ਖਰੀਦੋ-ਫਰੋਖ਼ਤ ਆਸਾਨੀ ਨਾਲ ਕਰ ਸਕਣਗੇ। ਇਸ ਦੇ ਨਾਲ ਹੀ, ਲੋੜ ਪੈਣ ਤੇ ਬੈਂਕਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਘਰ ਬਣਾਉਣ ਜਾਂ ਹੋਰ ਲੋੜਾਂ ਲਈ ਕਰਜ਼ਾ ਵੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਰਕਾਰ ਲੋਕਾਂ ਨੂੰ ਇਹ ਦਸਤਾਵੇਜ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾ ਰਹੀ ਹੈ। ਪੰਜਾਬ ਸਰਕਾਰ ਨੇ ਆਮ ਲੋਕਾਂ ਤੇ ਬਿਨਾਂ ਕੋਈ ਵਿੱਤੀ ਬੋਝ ਪਾਏ ਉਨ੍ਹਾਂ ਦੇ ਮਨਾਂ ਵਿੱਚੋਂ ਅਨਿਸ਼ਚਿਤਤਾ ਦਾ ਡਰ ਖ਼ਤਮ ਕਰ ਦਿੱਤਾ ਹੈ। ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਪਣੇ ਘਰ ਦਾ ਪੱਕਾ ਕਾਗਜ਼ੀ ਸਬੂਤ ਮਿਲਣਾ ਹਰੇਕ ਪਰਿਵਾਰ ਲਈ ਬਹੁਤ ਖ਼ੁਸ਼ੀ ਅਤੇ ਆਤਮ-ਸੰਤੋਸ਼ ਦਾ ਵਿਸ਼ਾ ਹੈ। ਉਨ੍ਹਾਂ ਦੁਹਰਾਇਆ ਕਿ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨਾ ਅਤੇ ਸਰਕਾਰੀ ਸਕੀਮਾਂ ਦਾ ਪਾਰਦਰਸ਼ੀ ਲਾਭ ਸਿੱਧਾ ਜਨਤਾ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਦੀ ਸਰਵਉੱਚ ਤਰਜੀਹ ਹੈ। ਇਸ ਮੌਕੇ ਹਾਜ਼ਰ ਗ੍ਰਾਮ ਪੰਚਾਇਤ ਨੇ ਗੜ੍ਹੀ ਨੂੰ ਪਿੰਡ ਢੋਲਣਮਾਜਰਾ ਤੋਂ ਮੋਰਿੰਡਾ, ਕਲਾਰਾਂ ਅਤੇ ਪਿੰਡ ਮੁੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ। ਇਸ ਮੌਕੇ ਚੇਅਰਮੈਨ ਐੱਨ.ਪੀ. ਰਾਣਾ ਅਤੇ ਹੋਰ ਵਰਕਰ ਹਾਜ਼ਰ ਸਨ।