ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ ਸ਼ੁਰੂ
Publish Date: Tue, 13 Oct 2026 03:22 PM (IST)
Updated Date: Tue, 13 Oct 2026 03:23 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਿੱਖਿਆ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ ਸਥਾਨਕ ਸਟੇਡੀਅਮ ਵਿਖੇ ਸ਼ੁਰੂ ਹੋਣਗੀਆਂ ਅਤੇ 16 ਅਕਤੂਬਰ ਤੱਕ ਚੱਲਣਗੇ। ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਬਲਾਕ ਦੇ ਸਮੂਹ ਸਕੂਲ ਇੰਚਾਰਜਾਂ ਨੂੰ ਖੇਡਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਵਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਸੈਂਟਰ ਪੱਧਰੀ ਖੇਡਾਂ ਦੌਰਾਨ ਮੇਜਰ ਗੇਮਾਂ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਬਲਾਕ ਪੱਧਰੀ ਖੇਡਾਂ ’ਚ ਭਾਗ ਲੈਣਗੀਆਂ। ਸਬੰਧਿਤ ਟੀਮ ਇੰਚਾਰਜਾਂ ਨੂੰ ਆਪਣੀਆਂ ਟੀਮਾਂ ਦੀ ਸਮਰੀ ਸੀਟ ਆਪਣੇ ਪੱਧਰ ’ਤੇ ਤਿਆਰ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਖਿਡਾਰੀਆਂ ਦੇ ਵੇਰਵੇ ਸਹੀ ਢੰਗ ਨਾਲ ਦਰਜ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਟੀਮ ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਜਾਂ ਕਿਸੇ ਹੋਰ ਚੁਣੇ ਹੋਏ ਖਿਡਾਰੀ ਨੂੰ ਸ਼ਾਮਲ ਕਰਨਾ ਹੋਵੇ ਤਾਂ ਸਬੰਧਿਤ ਟੀਮ ਇੰਚਾਰਜ਼ ਆਪਸੀ ਤਾਲਮੇਲ ਰਾਹੀਂ ਸਬੰਧਿਤ ਇੰਚਾਰਜ਼ ਤੋਂ ਲੋੜੀਂਦੇ ਵੇਰਵੇ ਪ੍ਰਾਪਤ ਕਰਕੇ ਨੋਟ ਕਰ ਲੈਣ। ਇਸ ਨਾਲ ਟੀਮਾਂ ਦੀ ਤਿਆਰੀ ਅਤੇ ਖਿਡਾਰੀਆਂ ਦੇ ਵੇਰਵੇ ਮੁਕੰਮਲ ਕਰਨ ’ਚ ਸਹੂਲਤ ਮਿਲੇਗੀ। ਬੇਦੀ ਨੇ ਸਮੂਹ ਸਕੂਲ ਇੰਚਾਰਜਾਂ ਅਤੇ ਖੇਡ ਟੀਮਾਂ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਜਾਰੀ ਕੀਤੇ ਸ਼ਡਿਊਲ ਅਨੁਸਾਰ ਆਪਣੀਆਂ ਤਿਆਰੀਆਂ ਮੁਕੰਮਲ ਕਰਨ ਅਤੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਕੂਲੀ ਖੇਡਾਂ ਬੱਚਿਆਂ ’ਚ ਖੇਡ ਭਾਵਨਾ, ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।