ਗਰਭਵਤੀ ਮਹਿਲਾਵਾਂ ਤੇ ਬੱਚਿਆਂ ਦਾ ਟੀਕਾਕਰਨ ਗਰਭਵਤੀ ਮਹਿਲਾਂਵਾ ਤੇ ਬੱਚਿਆਂ ਦਾ ਕੀਤਾ ਗਿਆ ਟੀਕਾਕਰਨ
Publish Date: Thu, 05 Nov 2026 05:13 PM (IST)
Updated Date: Thu, 05 Nov 2026 05:14 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਸਿਹਤ ਸੈਕਟਰ ਕਾਈਨੌਰ ਅਧੀਨ ਵੱਖ-ਵੱਖ ਪਿੰਡਾਂ ’ਚ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਲਈ ਟੀਕਾਕਰਨ ਕੈਂਪ ਲਗਾਏ ਗਏ। ਇਸ ਮੌਕੇ ’ਤੇ ਜਾਣਕਾਰੀ ਦਿੰਦਿਆਂ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਹਫ਼ਤੇ ਦੇ ਹਰੇਕ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਮਮਤਾ ਦਿਵਸ ਦਾ ਮੁੱਖ ਮੰਤਵ ਬੱਚਿਆਂ ਨੂੰ ਮਾਰੂ ਰੋਗਾਂ ਪੋਲੀਓ, ਕਾਲੀ ਖਾਂਸੀ, ਟੀ.ਬੀ, ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗੀ ਬੁਖਾਰ, ਗਲਘੋਟੂ ਤੇ ਟੈਟਨਸ ਤੋਂ ਬਚਾਅ ਦੇ ਟੀਕੇ ਲਗਾਉਣਾ ਹੈ ਤੇ ਗਰਭਵਤੀ ਮਹਿਲਾਂਵਾ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨਾ ਹੈ। ਇਸ ਮੌਕੇ ’ਤੇ ਆਰਤੀ ਏਐੱਨਐੱਮ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਆਪਣੇ ਗਰਭ ’ਚ ਪਲ ਰਹੇ ਬੱਚੇ ਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ ਤੇ ਆਪਣੀ ਡਾਈਟ ’ਚ ਹਰੀਆਂ ਸਬਜੀਆਂ ਤੇ ਫਲਾਂ ਦਾ ਇਸਤੇਮਾਲ ਕਰਨ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿਣ ਤੇ ਸਰੀਰ ’ਚ ਖੂਨ ਦੀ ਕਮੀ ਨਾ ਹੋਵੇ। ਇਸ ਮੌਕੇ ’ਤੇ ਲਖਮਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ’ਚ ਕੁੜੀਆਂ ਮੁਡਿੰਆਂ ਤੋਂ ਕਿਸੀ ਵੀ ਖੇਤਰ ’ਚ ਪਿੱਛੇ ਨਹੀਂ ਹੈ, ਇਸ ਲਈ ਜੇਕਰ ਕੋਈ ਵੀ ਔਰਤ ਜਾ ਵਿਅਕਤੀ ਭਰੂਣ ਹੱਤਿਆ ਜਿਹਾ ਅਪਰਾਧ ਕਰਦਾ ਹੈ ਤਾਂ ਕਾਨੂੰਨ ਅਨੁਸਾਰ ਅਪਰਾਧੀ ਨੂੰ ਸਜਾ ਤੇ ਜੁਰਾਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਬੱਚਿਆਂ ’ਚ ਵੱਖਵਾ ਪਾਉਣ ਲਈ ਅਪਨਾਉਣੇ ਚਾਹੀਦੇ ਹਨ ਤੇ ਪਹਿਲੇ ਬੱਚੇ ਤੋਂ ਬਾਅਦ ਦੂਜੇ ਬੱਚੇ ’ਚ ਘੱਟੋ-ਘੱਟ 3 ਸਾਲ ਦਾ ਵੱਖਵਾ ਹੋਣਾ ਚਾਹੀਦਾ ਹੈ। ਇਸ ਮੌਕੇ ’ਤੇ ਸੀਐੱਚਓ ਜਸ਼ਨ ਨੇ ਕਿਹਾ ਕਿ ਨਵਜੰਮੇ ਬੱਚਿਆਂ ਨੂੰ ਘੱਟੋ ਘੱਟ 6 ਮਹੀਨੇ ਤੱਕ ਮਾਂ ਦਾ ਹੀ ਦੁੱਧ ਪਿਲਾਇਆ ਜਾਵੇ। ਮਾਂ ਦੇ ਦੁੱਧ ’ਚ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਇਸ ਮੌਕੇ ਤੇ ਸਮੂਹ ਏਐੱਨਐੱਮ ਸਮੂਹ ਸੀਐੱਚਓ ਤੇ ਆਸ਼ਾ ਵਰਕਰਜ਼ ਹਾਜ਼ਰ ਸਨ।