ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਅਰਦਾਸ ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਅਰਦਾਸ
Publish Date: Fri, 21 Aug 2026 05:18 PM (IST)
Updated Date: Fri, 21 Aug 2026 05:21 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਘਨੌਲੀ, ਨੰਗਲ ਅਤੇ ਨੂਰਪੁਰ ਬੇਦੀ ਸਮੇਤ ਵੱਖ-ਵੱਖ ਕਸਬਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਸਿੱਖ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਜਸਪਾਲ ਸਿੰਘ ਢਾਹੇ ਅਤੇ ਭੁਪਿੰਦਰ ਸਿੰਘ ਬਜਰੂੜ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਗਈ। ਇਸ ਉਪਰੰਤ ਸੰਗਤਾਂ ਵੱਲੋਂ ਰੋਸ ਮਾਰਚ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਸਮੇਤ ਹਰ ਸੰਘਰਸ਼ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਨੂੰ ਲੰਬੇ ਸਮੇਂ ਤੱਕ ਲਟਕਾਉਣਾ ਠੀਕ ਨਹੀਂ ਹੈ। ਉਨ੍ਹਾਂ ਸਿੱਖ ਪੰਥ ਨਾਲ ਸਬੰਧਤ ਮਸਲਿਆਂ, ਪੰਜਾਬ ਦੇ ਪਾਣੀਆਂ, ਵੱਧ ਅਧਿਕਾਰਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਫੈਡਰੇਸ਼ਨ ਆਗੂ ਭੁਪਿੰਦਰ ਸਿੰਘ ਬਜਰੂੜ, ਨੌਜਵਾਨ ਆਗੂ ਜਸਪਾਲ ਸਿੰਘ ਢਾਹੇ, ਜੈਮਲ ਸਿੰਘ ,ਅਮਨਦੀਪ ਸਿੰਘ ਅਬਿਆਣਾ, ਸੁਰਜੀਤ ਸਿੰਘ ਚਹਿੜ ਮਜਾਰਾ, ਮਾਸਟਰ ਹਰਦਿਆਲ ਸਿੰਘ, ਚਰਨਜੀਤ ਸਿੰਘ ਜੌੜਾ, ਜਸਵੰਤ ਸਿੰਘ ਬੇਲਾ, ਗੁਰਮੇਲ ਸਿੰਘ ਸਹੋਤਾ, ਹਰਪਾਲ ਸਿੰਘ ਬੜਾ ਪਿੰਡ, ਬਲਬੀਰ ਸਿੰਘ ਬੜਾ ਪਿੰਡ, ਗੁਰਮੀਤ ਸਿੰਘ ਹਜ਼ਾਰਾ, ਜਸਵੀਰ ਸਿੰਘ ਝਖੀਆਂ, ਪ੍ਰਿੰਸੀਪਲ ਚਰਨਜੀਤ ਸਿੰਘ, ਓਕਾਰ ਸਿੰਘ ਮਜਾਰੀ, ਭਗਵੰਤ ਸਿੰਘ ਮਟੌਰ, ਬੀਰ ਸਿੰਘ ਸ਼ਾਹਪੁਰ, ਜਗਦੇਵ ਸਿੰਘ ਦਿਲਬਰ, ਸੁਰਿੰਦਰ ਸਿੰਘ ਢੇਰ, ਮਨਜਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਮੀਰਪੁਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।