ਨਸ਼ਾ ਮੁਕਤੀ ਸੰਦੇਸ਼ ਨਾਲ ਕਰਵਾਏ ਪਾਵਰ ਲਿਫਟਿੰਗ ਮੁਕਾਬਲੇ
ਨਸ਼ਾ ਮੁਕਤੀ ਸੰਦੇਸ਼ ਨਾਲ ਕਰਵਾਏ ਗਏ ਪਾਵਰ ਲਿਫਟਿੰਗ ਮੁਕਾਬਲੇ
Publish Date: Mon, 30 Mar 2026 05:56 PM (IST)
Updated Date: Mon, 30 Mar 2026 06:00 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਡੀ ਜੋਨ ਜਿਮ ਅਤੇ ਸਿੰਘ ਕਲੱਬ ਵੱਲੋਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਚ ਪਾਵਰ ਲਿਫਟਿੰਗ ਅਤੇ ਐਥਲੈਟਿਕਸ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਸੀ। ਸਮਾਗਮ ਦੌਰਾਨ ਖਿਡਾਰੀਆਂ ਵਿਚ ਖੂਬ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਨ੍ਹਾਂ ਮੁਕਾਬਲਿਆਂ ਵਿਚ ਇੰਟਰਨੈਸ਼ਨਲ ਪਾਵਰਲਿਫਟਰ ਚੈਂਪੀਅਨ ਜੂਝਾਰ ਸਿੰਘ ਟਾਈਗਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਸਹੀ ਦਿਸ਼ਾ ਵਿਚ ਲੈ ਜਾਂਦੇ ਹਨ ਅਤੇ ਸਮਾਜ ਵਿਚ ਸਕਾਰਾਤਮਕ ਸੁਨੇਹਾ ਦਿੰਦੇ ਹਨ। ਮੁਕਾਬਲਿਆਂ ਦੌਰਾਨ ਬੈਂਚ ਪ੍ਰੈਸ, ਸਕਵੈਟ, ਡੈੱਡ ਲਿਫਟ, ਆਰਮ ਰੈਸਲਿੰਗ, ਟੱਗ ਆਫ ਵਾਰ ਅਤੇ ਅੰਡਰ-9, 11, 14 ਅਤੇ ਓਪਨ 100 ਮੀਟਰ ਦੌੜਾਂ ਦੇ ਇਵੈਂਟ ਕਰਵਾਏ ਗਏ। ਇਨ੍ਹਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਨੰਗਲ, ਕਰਮਪੁਰਾ, ਪਰਿਆਲਾ, ਬਲਾਚੌਰ, ਰੋਪੜ, ਮੋਹਾਲੀ, ਲੁਧਿਆਣਾ, ਨਵਾਂਸ਼ਹਿਰ, ਚੰਡੀਗੜ੍ਹ ਅਤੇ ਹਰਿਆਣਾ ਆਦਿ ਇਲਾਕਿਆਂ ਤੋਂ ਲਗਭਗ 250 ਖਿਡਾਰੀਆਂ ਨੇ ਭਾਗ ਲਿਆ। ਖਿਡਾਰੀਆਂ ਨੇ ਆਪਣੀ ਕਾਬਲਿਯਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਜੇਤੂ ਖਿਡਾਰੀਆਂ ਨੂੰ ਟੀ-ਸ਼ਰਟ, ਸ਼ੇਕਰ, ਗਲੋਵਜ਼, ਮੈਡਲ, ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ ਜੋਨ ਜਿਮ ਦੇ ਕੋਚ ਜਗਜੀਤ ਸਿੰਘ ਅਤੇ ਪਰਮਪ੍ਰੀਤ ਕੌਰ ਨੇ ਦੱਸਿਆ ਕਿ ਇਹ ਮੁਕਾਬਲੇ ਨੌਜਵਾਨਾਂ ਵਿਚ ਉਤਸ਼ਾਹ ਅਤੇ ਜੋਸ਼ ਪੈਦਾ ਕਰਨ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜਰੂਰੀ ਹੈ ਅਤੇ ਖੇਡਾਂ ਇਸਦਾ ਸਭ ਤੋਂ ਵਧੀਆ ਵਿਕਲਪ ਹਨ। ਉਨ੍ਹਾਂ ਹੋਰ ਕਿਹਾ ਕਿ ਸਾਡਾ ਮਕਸਦ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਫਿਟਨੈੱਸ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ, ਜਿਸ ਲਈ ਅਜਿਹੇ ਮੁਕਾਬਲੇ ਬਹੁਤ ਸਾਰਥਕ ਸਿੱਧ ਹੋ ਰਹੇ ਹਨ। ਇਸ ਸਮਾਗਮ ਨੂੰ ਬੀ ਫਿਟ ਸਪਲੀਮੈਂਟ ਸਟੋਰ ਦੇ ਮਾਲਕ ਬਲਵਿੰਦਰ ਸਿੰਘ ਮੁੰਡੀ ਵੱਲੋਂ ਸਪਾਂਸਰ ਕੀਤਾ ਗਿਆ। ਸਮਾਗਮ ਵਿਚ ਨੈਸ਼ਨਲ ਲਿਫਟਰ ਸੰਦੀਪ ਕੌਰ ਘੁੰਮਣ ਅਤੇ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਐਥਲੈਟਿਕਸ ਦੇ ਮੁਕਾਬਲੇ ਪਰਦੀਪ ਸਿੰਘ ਮਾਨ ਦੀ ਅਗਵਾਈ ਵਿਚ ਹੋਏ ਜਦਕਿ ਪਾਵਰ ਲਿਫਟਿੰਗ ਦੇ ਮੁਕਾਬਲੇ ਜਗਜੀਤ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ। ਇਸ ਮੌਕੇ ਜਸਪਾਲ ਸਿੰਘ ਸਰਪੰਚ, ਸਮਸ਼ੇਰ ਸਿੰਘ ਸ਼ੇਰਾ, ਕਾਲੂ ਸਰਪੰਚ, ਮੇਹਰ ਸਿੰਘ ਵਿੱਲੇ, ਜਗਜੀਤ ਸਿੰਘ ਵਿੱਲੇ, ਸੁਖਚੈਨ ਸਿੰਘ ਵਿੱਲੇ, ਹਰਵਿੰਦਰਪ੍ਰੀਤ ਸਿੰਘ, ਮੰਨਣ ਸਿੰਘ, ਰੋਕੇਸ਼, ਬੌਬੀ, ਰੋਨੀ, ਅਮਿਤ ਐਥਲੈਟ, ਪ੍ਰੀਤ ਐਥਲੈਟ, ਮਨਦੀਪ ਸਿੰਘ ਮੋਤੀ, ਮਨਦੀਪ ਸਿੰਘ ਕਨੇਡਾ, ਬਲਵਿੰਦਰ ਸਿੰਘ ਲੱਪੀਘਰ, ਨਵੀਨ ਕੁਮਾਰ, ਪ੍ਰੇਮ ਸਿੰਘ, ਤਰਲੋਚਨ ਸਿੰਘ ਠੇਕੇਦਾਰ, ਗਗਨ ਫੌਜਰ, ਵਿਕੀ ਬਲਾਚੌਰ, ਮਨੀ ਬਲਾਚੌਰ, ਮਨਿੰਦਰਪਾਲ ਸਿੰਘ ਮਨੀ, ਮਨਪ੍ਰੀਤ ਕੌਰ, ਮਨਦੀਪ ਕੌਰ, ਗੁਰਿੰਦਰ ਕੌਰ, ਗੁਰਨੂਰ ਕੌਰ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਕਈ ਵਿਅਕਤੀ ਹਾਜ਼ਰ ਸਨ।