- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿਮਾਚਲ ’ਚ ਸੱਤਾ ਦੇ ਸੁਪਨੇ ਦੇਖ ਰਹੀ ‘ਆਪ’ ਸਰਕਾਰ: ਗੌਰਵ ਰਾਣਾ

ਐਂਟਰੀ ਟੈਕਸ ਦੇ ਮੁੱਦੇ ’ਤੇ ਪੰਜਾਬ ਸਰਕਾਰ ਦੀ ਚੁੱਪੀ ਨੇ ਖੋਲ੍ਹੀ ਪੋਲ
ਲੋਕਾਂ ਨੂੰ ਗੁੰਮਰਾਹ ਕਰਨ ਲਈ ਮਤੇ ਦਾ ਵੀ ਕੀਤਾ ਡਰਾਮਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਹਿਮਾਚਲ ਸਰਹੱਦ ’ਤੇ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਮੁੱਦੇ ’ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਪੰਜਾਬ ਸਾਂਝੀਵਾਲਤਾ ਦਲ ਦੇ ਰੂਪਨਗਰ ਤੋਂ ਹਲਕਾ ਉਮੀਦਵਾਰ ਅਤੇ ਐਂਟੀ ਐਂਟਰੀ ਟੈਕਸ ਐਕਸ਼ਨ ਕਮੇਟੀ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੀ ਅਸਲੀਅਤ ਹੁਣ ਲੋਕਾਂ ਸਾਹਮਣੇ ਆ ਗਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ ’ਚ ਸੱਤਾ ਹਾਸਲ ਕਰਨ ਦੇ ਸਿਆਸੀ ਸੁਪਨਿਆਂ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਮਹੀਨੇ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਸਨ ਕਿ ਪੰਜਾਬ ਸਰਕਾਰ ਐਂਟਰੀ ਟੈਕਸ ਦੇ ਮਾਮਲੇ ’ਤੇ ਸਖ਼ਤ ਰੁਖ਼ ਅਪਣਾਉਣ ਦੀ ਬਜਾਏ ਸਿਆਸੀ ਗਿਣਤੀਆਂ-ਮਿਣਤੀਆਂ ’ਚ ਉਲਝੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਪੰਜਾਬੀਆਂ ਦੇ ਹਿੱਤਾਂ ਦੀ ਸੱਚਮੁੱਚ ਚਿੰਤਾ ਹੁੰਦੀ ਤਾਂ ਹੁਣ ਤੱਕ ਇਸ ਮਾਮਲੇ ’ਤੇ ਕੋਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਿਆ ਜਾ ਚੁੱਕਾ ਹੁੰਦਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚ ਇਸ ਮੁੱਦੇ ’ਤੇ ਕੀਤੀ ਗਈ ਬਿਆਨਬਾਜ਼ੀ ਅਤੇ ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਢੁੱਕਵਾਂ ਟੈਕਸ ਲਗਾਉਣ ਸਬੰਧੀ ਕੀਤੇ ਗਏ ਦਾਅਵੇ ਅਮਲ ’ਚ ਕਿਉਂ ਨਹੀਂ ਬਦਲੇ? ਲੋਕਾਂ ਨੂੰ ਜਵਾਬ ਦੇਣਾ ਪਵੇਗਾ ਕਿ ਮਹੀਨਿਆਂ ਦੇ ਸਮੇਂ ਬਾਅਦ ਵੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ’ਚ ਨਾਕਾਮ ਕਿਉਂ ਰਹੀ ਹੈ।
ਰਾਣਾ ਨੇ ਦੋਸ਼ ਲਾਇਆ ਕਿ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਜ਼ਿਲ੍ਹਾ ਪਰਿਸ਼ਦ ਦਾ ਮਤਾ ਪਾਉਣ ਦੀ ਗੱਲ ਕੀਤੀ ਗਈ ਅਤੇ ਇਹ ਪ੍ਰਭਾਵ ਦਿੱਤਾ ਗਿਆ ਕਿ ਟੈਕਸ ਲਗਾਉਣ ਲਈ ਸਰਕਾਰ ਦੀ ਮਨਜ਼ੂਰੀ ਦੀ ਵੀ ਲੋੜ ਨਹੀਂ। ਪਰ ਅੱਜ ਤੱਕ ਕੋਈ ਨਤੀਜਾ ਸਾਹਮਣੇ ਨਾ ਆਉਣਾ ਸਰਕਾਰ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਮਤੇ ਪਾ ਕੇ ਅਤੇ ਬਿਆਨ ਦੇ ਕੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਨਹੀਂ ਪਾਇਆ ਜਾ ਸਕਦਾ; ਲੋਕ ਹੁਣ ਨਤੀਜੇ ਮੰਗਦੇ ਹਨ। ਉਨ੍ਹਾਂ ਕਿਹਾ ਕਿ ਐਂਟਰੀ ਟੈਕਸ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਐਕਸ਼ਨ ਕਮੇਟੀ ਆਪਣੇ ਸਟੈਂਡ ’ਤੇ ਕਾਇਮ ਹੈ।
ਉਨ੍ਹਾਂ ਅਨੁਸਾਰ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੂੰ ਇਸ ਟੈਕਸ ਕਾਰਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਨਾ ਕਿ ਲੋਕਾਂ ਨੂੰ ਵਾਰ-ਵਾਰ ਭਰੋਸੇ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਟਾਲਣਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਵਾਲ ਕਰਨਗੇ ਕਿ ਜਿਹੜੀ ਪਾਰਟੀ ਆਪਣੇ ਸੂਬੇ ਦੇ ਹੱਕਾਂ ਲਈ ਡਟ ਕੇ ਨਹੀਂ ਖੜ੍ਹ ਸਕਦੀ, ਉਹ ਦੂਜੇ ਸੂਬੇ ’ਚ ਲੋਕਾਂ ਦਾ ਭਰੋਸਾ ਕਿਵੇਂ ਜਿੱਤੇਗੀ?
ਉਨ੍ਹਾਂ ਦਾਅਵਾ ਕੀਤਾ ਕਿ ਐਂਟਰੀ ਟੈਕਸ ਦੇ ਵਿਰੋਧ ਨੂੰ ਪੰਜਾਬ ਅਤੇ ਹਿਮਾਚਲ ਦੋਵਾਂ ਪਾਸਿਆਂ ਦੇ ਸਰਹੱਦੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਂਟਰੀ ਟੈਕਸ ਮਾਮਲੇ ’ਚ ਜਿੱਥੇ ਹਿਮਾਚਲ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਇਨਾਂ ਨਾਲ ਸਾਂਝ ਨਿਭਾ ਰਹੀ ਹੈ। ਜਦਕਿ ਕੇਂਦਰ ’ਚ ਸੱਤਾ ਪ੍ਰਾਪਤ ਕਰ ਚੁੱਕੀ ਭਾਜਪਾ ਸਰਕਾਰ ਆਪਣੇ ਨੈਸ਼ਨਲ ਹਾਈਵੇ ਤੇ ਗਲਤ ਤਰੀਕੇ ਨਾਲ ਲੱਗੇ ਹੋਏ ਟੋਲ ਨਾਕਿਆਂ ਨੂੰ ਲੈ ਕੇ ਅੱਖਾਂ ਮੀਚੀ ਬੈਠੇ ਹਨ। ਪੰਜਾਬ ਸਾਂਝੀਵਾਲਤਾ ਦਲ ਇਸ ਮੁੱਦੇ ’ਤੇ ਆਪਣਾ ਸੰਘਰਸ਼ ਜਾਰੀ ਰੱਖੇਗਾ ਤੇ ਲੋਕਾਂ ਨੂੰ ਅਪੀਲ ਕਰੇਗਾ ਕਿ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਪਾਰਟੀਆਂ ਨੂੰ ਚੋਣਾਂ ’ਚ ਸਿਆਸੀ ਜਵਾਬ ਦਿੱਤਾ ਜਾਵੇ।