
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੂੜਾ ਪਲਾਂਟ ਵੱਲੋਂ ਨਾਲੇ ’ਚ ਕੈਮੀਕਲ ਛੱਡਣ ਦੇ ਦੋਸ਼ਾਂ ’ਤੇ ਪ੍ਰਦੂਸ਼ਣ ਬੋਰਡ ਦੀ ਕਾਰਵਾਈ

ਅਧਿਕਾਰੀਆਂ ਨੇ ਪਲਾਂਟ ਤੋਂ ਲਏ ਤਰਲ ਪਦਾਰਥ ਸਮੇਤ ਵੱਖ-ਵੱਖ ਸੈਂਪਲ, 25 ਦਿਨਾਂ ’ਚ ਰਿਪੋਰਟ ਆਉਣ ਦਾ ਦਾਅਵਾ
ਪੰਜਾਬੀ ਜਾਗਰਣ ਟੀਮ,
ਸ੍ਰੀ ਕੀਰਤਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਦੇ ਪੰਜਾਬ ਨਾਲ ਲੱਗਦੇ ਮਾਜਰਾ ਪਿੰਡ ’ਚ ਕੂੜਾ ਪਲਾਂਟ ਵੱਲੋਂ ਨਾਲੇ ’ਚ ਕਥਿਤ ਤੌਰ ’ਤੇ ਕੈਮੀਕਲ ਤੇ ਹੋਰ ਬੇਲੋੜੀ ਗੰਦਗੀ ਛੱਡੇ ਜਾਣ ਦਾ ਮਾਮਲਾ ਭਖ ਗਿਆ ਹੈ। ਪਿੰਡ ਵਾਸੀਆਂ ਵੱਲੋਂ ਲਗਾਤਾਰ ਲਗਾਏ ਜਾ ਰਹੇ ਗੰਭੀਰ ਦੋਸ਼ਾਂ ਤੇ ਵਿਰੋਧ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਮਾਜਰਾ ਸਥਿਤ ਸ਼ਿਵਾਲਿਕ ਕੂੜਾ ਪਲਾਂਟ ਦਾ ਨਿਰੀਖਣ ਕੀਤਾ। ਇਸ ਦੌਰਾਨ ਅਧਿਕਾਰੀਆਂ ਨੇ ਪਲਾਂਟ ਦੇ ਅੰਦਰੋਂ ਤਰਲ ਪਦਾਰਥ ਸਣੇ ਵੱਖ-ਵੱਖ ਕਿਸਮ ਦੇ ਸੈਂਪਲ ਲਏ।
ਨਿਰੀਖਣ ਦੌਰਾਨ ਪਲਾਂਟ ਦੇ ਅੰਦਰ ਕਈ ਬੇਨਿਯਮੀਆਂ ਸਾਹਮਣੇ ਆਉਣ ਦਾ ਦਾਅਵਾ ਮਾਜਰਾ ਪੰਚਾਇਤ ਦੇ ਸਰਪੰਚ ਗੁਰਦਿਆਲ ਸਿੰਘ ਨੇ ਕੀਤਾ। ਉੱਥੇ ਹੀ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਹਿਮਾਚਲ ਦੇ ਉਦਯੋਗਿਕ ਖੇਤਰਾਂ ਦੀਆਂ ਫੈਕਟਰੀਆਂ ਤੋਂ ਆਉਣ ਵਾਲਾ ਖ਼ਤਰਨਾਕ ਕੂੜਾ, ਕੈਮੀਕਲ ਤੇ ਹੋਰ ਸਮੱਗਰੀ ਇਸ ਖੇਤਰ ’ਚ ਵਾਤਾਵਰਨ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਲਾਂਟ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਪਲ ਲਏ ਗਏ ਹਨ। ਇਨ੍ਹਾਂ ਦੀ ਜਾਂਚ ਰਿਪੋਰਟ ਕਰੀਬ 25 ਦਿਨਾਂ ਦੇ ਅੰਦਰ ਆਉਣ ਦੀ ਉਮੀਦ ਹੈ। ਰਿਪੋਰਟ ’ਚ ਸਾਹਮਣੇ ਆਉਣ ਵਾਲੇ ਤੱਥਾਂ ਤੇ ਨਿਰਧਾਰਤ ਨਿਯਮਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
---------
ਬਾਕਸ-
‘ਸੈਂਪਲ ਤੇ ਭਰੋਸੇ ਤੋਂ ਸੰਤੁਸ਼ਟ ਨਹੀਂ, ਪਲਾਂਟ ਬੰਦ ਕਰਵਾ ਕੇ ਹੀ ਦਮ ਲਵਾਂਗੇ’
ਪਲਾਂਟ ਦੇ ਵਿਰੋਧ ’ਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਧਰਨੇ ’ਤੇ ਬੈਠੀਆਂ ਔਰਤਾਂ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਸੈਂਪਲ ਲੈਣ ਤੇ ਅਧਿਕਾਰੀਆਂ ਦੇ ਭਰੋਸੇ ਨਾਲ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੂੜਾ ਪਲਾਂਟ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਪਿੰਡ ਵਾਸੀਆਂ ਨੇ ਸਰਕਾਰ ਤੇ ਸਬੰਧਤ ਵਿਭਾਗਾਂ ਤੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ।
---------
ਬਾਕਸ-
ਮੌਕੇ ’ਤੇ ਪੁੱਜੇ ਗੌਰਵ ਰਾਣਾ, ਅਧਿਕਾਰੀਆਂ ਤੋਂ ਕੀਤੇ ਤਿੱਖੇ ਸਵਾਲ
ਪਿੰਡ ਵਾਸੀਆਂ ਦੇ ਸੱਦੇ ’ਤੇ ਪੰਜਾਬ ਮੋਰਚਾ ਦੇ ਸਟੇਟ ਕਨਵੀਨਰ ਗੌਰਵ ਰਾਣਾ ਵੀ ਆਪਣੇ ਸਾਥੀਆਂ ਸਣੇ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਹਰੇਕ ਵਿਅਕਤੀ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ। ਪੰਜਾਬ ਮੋਰਚਾ ਪਿੰਡ ਵਾਸੀਆਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਰਾਣਾ ਨੇ ਮੌਕੇ ’ਤੇ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਅਭਿਸ਼ੇਕ ਸ਼ਰਮਾ ਸਣੇ ਹੋਰ ਅਧਿਕਾਰੀਆਂ ਤੋਂ ਕਈ ਸਵਾਲ ਕੀਤੇ। ਉਨ੍ਹਾਂ ਪੁੱਛਿਆ ਕਿ ਜੇਕਰ ਪਿੰਡ ਵਾਸੀ ਲੰਬੇ ਸਮੇਂ ਤੋਂ ਪ੍ਰਦੂਸ਼ਣ ਤੇ ਸਿਹਤ ਸਬੰਧੀ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਕਰ ਰਹੇ ਹਨ ਤਾਂ ਇੰਨੇ ਸਮੇਂ ਬਾਅਦ ਸੈਂਪਲ ਕਿਉਂ ਲਏ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਤੋਂ ਇਹ ਵੀ ਪੁੱਛਿਆ ਕਿ ਕੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰ ਖੇਤਰ ਵਿੱਚ ਕੂੜਾ ਪਲਾਂਟ ਨੂੰ ਬੰਦ ਜਾਂ ਸੀਲ ਕਰਨ ਦੀ ਕਾਰਵਾਈ ਆਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸੈਂਪਲਾਂ ਦੀ ਰਿਪੋਰਟ ਆਉਣ ਦੀ ਸਮਾਂ-ਸੀਮਾ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਵੀ ਜਵਾਬ ਮੰਗਿਆ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਪਿੰਡ ਵਾਸੀਆਂ ਵੱਲੋਂ ਸਿਹਤ ਸਬੰਧੀ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਸਰਕਾਰ ਵੱਲੋਂ ਮੈਡੀਕਲ ਸਰਵੇ ਕਿਉਂ ਨਹੀਂ ਕਰਵਾਇਆ ਗਿਆ।
----------
ਬਾਕਸ-
‘ਅਧਿਕਾਰ ਖੇਤਰ ਅਨੁਸਾਰ ਕੀਤੀ ਜਾਵੇਗੀ ਕਾਰਵਾਈ’
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਜਵਾਬ ਦਿੰਦਿਆਂ ਕਿਹਾ ਕਿ ਵਿਭਾਗ ਆਪਣੇ ਅਧਿਕਾਰ ਖੇਤਰ ਦੇ ਅੰਦਰ ਰਹਿ ਕੇ ਕਾਰਵਾਈ ਕਰਦਾ ਹੈ। ਪਲਾਂਟ ਤੋਂ ਲਏ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਪਲਾਂਟ ਨੂੰ ਬੰਦ ਕਰਨ ਜਾਂ ਸੀਲ ਕਰਨ ਵਰਗੇ ਫੈਸਲੇ ਉੱਚ ਪੱਧਰ ਦੇ ਅਧਿਕਾਰੀਆਂ ਵੱਲੋਂ ਲਏ ਜਾਣ ਦੀ ਗੱਲ ਵੀ ਅਧਿਕਾਰੀਆਂ ਨੇ ਕਹੀ। ਇਸ ਮੌਕੇ ਮਾਜਰਾ ਪੰਚਾਇਤ ਦੇ ਸਰਪੰਚ ਗੁਰਦਿਆਲ ਸਿੰਘ, ਨਰੇਸ਼ ਕੁਮਾਰ, ਰਿਤੂ ਰਾਣੀ, ਨਿਸ਼ਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਸੰਘਰਸ਼ ਕਰ ਰਹੀਆਂ ਔਰਤਾਂ ਮੌਜੂਦ ਸਨ।