- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਿੰਦਰ ਸਿੰਘ ਝੋਟਾ ਦੇ ਕਤਲ 'ਤੇ ਭਖੀ ਸਿਆਸਤ: ਚਰਨਜੀਤ ਸਿੰਘ ਚੰਨੀ ਨੇ 'ਆਪ' ਸਰਕਾਰ ਨੂੰ ਘੇਰਿਆ

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮਾਨਸਾ ਵਿਚ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟਾ ਦੀ ਕੈਮਿਸਟ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਨੂੰ ਸਿਰਫ਼ ਇੱਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਅਸਲ ਨਸ਼ਾ ਤਸਕਰਾਂ ਨੂੰ ਫ਼ੜਨ ਦੀ ਬਜਾਏ ਸਿਰਫ਼ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਚਰਨਜੀਤ ਸਿੰਘ ਚੰਨੀ ਆਪਣੀ ਰਿਹਾਇਸ਼ ’ਤੇ ਲਗਾਏ ਗਏ ਤਿੰਨ ਰੋਜ਼ਾ ਅੱਖਾਂ ਦੇ ਕੈਂਪ ਵਿਚ ਪਹੁੰਚੇ ਸਨ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਪੰਜਾਬ ’ਚ ਵੱਧ ਰਹੇ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਇੱਕ ਹੋਣਹਾਰ ਨੌਜਵਾਨ ਸੀ।
ਘਟਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਇੱਕ ਕੈਮਿਸਟ ਦੀ ਦੁਕਾਨ 'ਤੇ ਗਿਆ ਸੀ, ਜਿਹੜਾ ਸ਼ਰੇਆਮ ਨਸ਼ਾ ਵੇਚ ਰਿਹਾ ਸੀ। ਜਦੋਂ ਉਸ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਇਕੱਠਾ ਕੀਤਾ, ਤਾਂ ਦੁਕਾਨਦਾਰ ਨੇ ਸ਼ਰੇਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਉਸ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ।
ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਆਪਣੇ ਆਪ ਨੂੰ ਕ੍ਰਾਂਤੀਕਾਰੀ ਕਹਾਉਂਦੇ ਸਨ, ਉਨ੍ਹਾਂ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਪਰਮਿੰਦਰ ਸਿੰਘ ਦੇ ਪਰਿਵਾਰ ਵੱਲੋਂ ਇਨਸਾਫ਼ ਨਾ ਮਿਲਣ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰਨ ਦੇ ਐਲਾਨ ’ਤੇ ਪ੍ਰਤੀਕਰਮ ਦਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਕੱਲ੍ਹ ਖ਼ੁਦ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਜਾਣਗੇ ਅਤੇ ਉਨ੍ਹਾਂ ਲਈ ਪੂਰੀ ਤਾਕਤ ਨਾਲ ਇਨਸਾਫ਼ ਦੀ ਲੜਾਈ ਲੜਨਗੇ।
ਚੰਨੀ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਹਿਸ-ਨਹਿਸ ਕਰ ਦਿੱਤਾ ਹੈ। ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਅਤੇ ਸਥਿਤੀ ਇੱਥੇ ਤੱਕ ਪਹੁੰਚ ਗਈ ਹੈ ਕਿ ਨੌਜਵਾਨ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਵਿਆਹ ਸਮੇਂ ਮੁੰਡਿਆਂ ਤੋਂ ਏਡਜ਼ ਦੇ ਸਰਟੀਫਿਕੇਟ ਮੰਗਣੇ ਪੈ ਰਹੇ ਹਨ।
ਅੰਤ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ‘ਆਪ ਹਟਾਓ, ਪੰਜਾਬ ਦੀ ਜਵਾਨੀ ਬਚਾਓ’ ਹਰ ਘਰ ਦਾ ਨਾਅਰਾ ਬਣ ਚੁੱਕਾ ਹੈ। ਇਸ ਲਈ ਹੁਣ ਪੰਜਾਬ ’ਚੋਂ ਇਸ ਸਰਕਾਰ ਨੂੰ ਤੋਰਨ ਦਾ ਸਮਾਂ ਆ ਗਿਆ ਹੈ। ਇਸ ਮੌਕੇ 'ਤੇ ਉਨਾਂ ਦੇ ਨਾਲ ਪਨਗਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਯੂਥ ਆਗੂ ਹਰਜੋਤ ਸਿੰਘ, ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਕੌਂਸਲਰ ਮਨਦੀਪ ਸਿੰਘ ਬਾਜਵਾ, ਰਾਹੁਲ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਸਾਬਕਾ ਪ੍ਰਧਾਨ ਧਰਮਪਾਲ ਥੰਮਣ ਆਦਿ ਵੀ ਸ਼ਾਮਿਲ ਸਨ।
===============
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਲੱਖੋਵਾਲ ਵੱਲੋਂ ਵੀ ਸਖਤ ਨਿੰਦਾ
ਉਧਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਭੁਪਿੰਦਰ ਸਿੰਘ ਮੁੰਡੀਆਂ ਜਸਵਿੰਦਰ ਸਿੰਘ ਕਾਈਨੌਰ ਰਣਧੀਰ ਸਿੰਘ ਮਾਜਰੀ ਗੁਰਚੰਨ ਸਿੰਘ ਢੋਲਣ ਮਾਜਰਾ ਸੰਤੋਖ ਸਿੰਘ ਕਲਹੇੜੀ ਸੂਬਾਈ ਆਗੂ ਚਰਨਜੀਤ ਸਿੰਘ ਮੰਡੀਆਂ ਆਦਿ ਆਗੂਆਂ ਨੇ ਪਰਮਿੰਦਰ ਸਿੰਘ ਚੋਟਾ ਤੇ ਕਤਲ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧੀ ਸਖਤ ਕਦਮ ਚੁੱਕਣੇ ਚਾਹੀਦੇ ਹਨ ਨਸ਼ਾ ਤਸਕਰਾਂ ਦੇ ਅੱਗੇ ਗੋਡੇ ਟੇਕਣ ਦੀ ਥਾਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਰੱਗ ਇੰਸਪੈਕਟਰ ਕਦੇ-ਕਦਾਈ ਕਾਗ਼ਜ਼ੀ ਕਾਰਵਾਈ ਕਰਕੇ ਖਾਨਾ ਪੂਰਤੀ ਕਰ ਲੈਂਦੇ ਹਨ ਜਦ ਕਿ ਬਹੁਤ ਸਾਰੇ ਮੈਡੀਕਲ ਸਟੋਰਾਂ ਤੇ ਨਸ਼ਿਆਂ ਦੀ ਵਿਕਰੀ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਨਸ਼ਿਆਂ ਤੇ ਅਤੇ ਹੋਰਨਾਂ ਨਸ਼ਿਆਂ ਤੇ ਕਾਬੂ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇੱਕ ਲੰਬੀ ਮੁਹਿੰਮ ਛੇੜੇਗੀ।