ਸ੍ਰੀ ਚਮਕੌਰ ਸਾਹਿਬ ’ਚ 35 ਸ਼ੋਅਰੂਮਾਂ ਦੀ ਅਲਾਟਮੈਂਟ ’ਤੇ ਸਿਆਸੀ ਘਮਾਸਾਨ ਸ੍ਰੀ ਚਮਕੌਰ ਸਾਹਿਬ ’ਚ 35 ਸ਼ੋਅਰੂਮਾਂ ਦੀ ਅਲਾਟਮੈਂਟ ’ਤੇ ਸਿਆਸੀ ਘਮਾਸਾਨ
Publish Date: Mon, 24 Aug 2026 06:54 PM (IST)
Updated Date: Mon, 24 Aug 2026 06:57 PM (IST)
ਕੌਡੀਆਂ ਦੇ ਭਾਅ ਵੇਚੀ ਜ਼ਮੀਨ, ਕਾਂਗਰਸ ਸਰਕਾਰ ਆਉਣ ’ਤੇ ਰੱਦ ਹੋਵੇਗਾ ਮਤਾ : ਚੰਨੀ ਅਸ਼ੋਕ ਚੇਤਲ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਵਿਚ 35 ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਨਗਰ ਕੌਂਸਲ ਦੀ ਪਿਛਲੀ ਟਰਮ ਵਿਚ ਹੋਈ ਇਸ ਅਲਾਟਮੈਂਟ ’ਤੇ ਗੰਭੀਰ ਸਵਾਲ ਚੁੱਕਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਹੈ। ਇਸ ਸਬੰਧੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲ ਕਰਦਿਆਂ ਚੰਨੀ ਨੇ ਅਰੋਪ ਲਗਾਇਆ ਕਿ ਨਗਰ ਕੌਂਸਲ ਦੇ ਤਤਕਾਲੀ ਪ੍ਰਧਾਨ ਅਤੇ ਤਤਕਾਲੀ ਕਾਰਜ ਸਾਧਕ ਅਫਸਰ ਨੇ ਆਪਸੀ ਮਿਲੀਭੁਗਤ ਨਾਲ ਆਪਣੇ ਚਹੇਤਿਆਂ ਨੂੰ ਕਰੋੜਾਂ ਰੁਪਏ ਦੀ ਕੀਮਤ ਦੇ 35 ਸ਼ੋਅਰੂਮ ਕੌਡੀਆਂ ਦੇ ਭਾਅ ਅਲਾਟ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਚਮਕੌਰ ਸਾਹਿਬ ਦੇ ਲੋਕਾਂ ਦੀ ਵਰਤੋ ਲਈ ਹੈ, ਨਾ ਕਿ ਵਪਾਰਿਕ ਵਰਤੋਂ ਲਈ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ, ਉਦੋਂ ਇਸ ਜ਼ਮੀਨ ਨੂੰ ਲੋਕਾਂ ਦੇ ਕਬਜ਼ੇ ਤੋਂ ਛੁਡਵਾ ਕੇ ਨਗਰ ਕੌਂਸਲ ਦੇ ਅਧੀਨ ਕੀਤਾ ਗਿਆ ਸੀ। ਇੱਥੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਫੰਡਾਂ ਨਾਲ ਇੱਕ ਬਹੁਤ ਵਧੀਆ ਸਿਟੀ ਸੈਂਟਰ ਅਤੇ ਖੇਡ ਸਟੇਡੀਅਮ ਤਿਆਰ ਕੀਤਾ ਗਿਆ ਸੀ। ਇਹ ਜ਼ਮੀਨ ਆਮ ਲੋਕਾਂ ਦੀ ਵਰਤੋਂ ਅਤੇ ਸਹੂਲਤਾਂ ਲਈ ਬਣਾਈ ਗਈ ਸੀ, ਜਿਸ ਵਿਚ ਜਿਮ ਤੇ ਸਟੇਡੀਅਮ ਆਦਿ ਬਣਾਏ ਜਾਣੇ ਸਨ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ’ਤੇ ਨਾ ਤਾਂ ਕੋਈ ਦਫ਼ਤਰ ਬਣ ਸਕਦਾ ਸੀ ਅਤੇ ਨਾ ਹੀ ਕੋਈ ਦੁਕਾਨ ਜਾਂ ਸ਼ੋਅਰੂਮ। ਇਹ ਜ਼ਮੀਨ ਸਰਕਾਰੀ ਸਰਪ੍ਰਸਤੀ ਹੇਠ ਕੁਝ ਅਸਰਦਾਰ ਵਿਅਕਤੀਆ ਦੇ ਲੁੱਟਣ ਵਾਸਤੇ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਤਤਕਾਲੀ ਨਗਰ ਕੌਂਸਲ ਅਹੁੱਦੇਦਾਰਾਂ ਨੇ ਮੀਟਿੰਗ ਤੋਂ ਬਾਅਦ ਗਲਤ ਤਰੀਕੇ ਨਾਲ ਟੇਬਲ ਮਤਾ ਨੰਬਰ -191 ਲਿਆ ਕੇ ਗਲਤ ਢੰਗ ਨਾਲ ਪਾਸ ਕੀਤਾ ਗਿਆ, ਜਿਸ ਦੀ ਦਫ਼ਤਰ ਦੇ ਕਰਮਚਾਰੀਆਂ ਸਮੇਤ ਸ਼ਹਿਰ ਦੇ ਲੋਕਾਂ ਨੂੰ ਭਣਕ ਤੱਕ ਨਹੀਂ ਲੱਗਣ ਦਿੱਤੀ ਗਈ। ਉਨ੍ਹਾਂ ਅਰੋਪ ਲਗਾਏ ਕਿ ਇਹ ਸਭ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਦੀ ਮਿਲੀਭੁਗਤ ਨਾਲ ਸ਼ੋਅਰੂਮਾਂ ’ਤੇ ਨਜਾਇਜ਼ ਕਬਜ਼ਾ ਕਰਵਾਉਣ ਦੀ ਨੀਅਤ ਨਾਲ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਅਤੇ ਨਾਜਾਇਜ਼ ਕਬਜ਼ੇ ਨੂੰ ਕਿਸੇ ਵੀ ਕੀਮਤ ’ਤੇ ਅੱਗੇ ਨਹੀਂ ਵੱਧਣ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਆਉਂਦਿਆਂ ਹੀ ਇਸ ਅਲਾਟਮੈਂਟ ਦੇ ਮਤੇ ਨੂੰ ਰੱਦ ਕੀਤਾ ਜਾਵੇਗਾ ਅਤੇ ਇਸ ਸਥਾਨ ਨੂੰ ਮੁੜ ਲੋਕਾਂ ਦੀ ਸਹੂਲਤ ਲਈ ਵਿਕਸਤ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।