ਗੜ੍ਹੀ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਲਾਉਣ ਛਿੜੀ ਸਿਆਸੀ ਚਰਚਾ ਗੜ੍ਹੀ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਲਗਾਉਣ ਤੇ ਆਪ ਤੇ ਕਾਂਗਰਸ ਵਿਹੜੇ ਛਿੜੀ ਸਿਆਸੀ ਚਰਚਾਂ
Publish Date: Thu, 27 Aug 2026 06:10 PM (IST)
Updated Date: Fri, 28 Aug 2026 04:01 AM (IST)
* ਗੜ੍ਹੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸੌਂਪੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦਾ ਦਿੱਤਾ ਭਰੋਸਾ ਲਖਵੀਰ ਖਾਬੜਾ, ਪੰਜਾਬੀ ਜਾਰਗਣ ਰੂਪਨਗਰ : ਆਮ ਆਦਮੀ ਪਾਰਟੀ ਨੇ ਮਿਸ਼ਨ-2027 ਤਹਿਤ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਸ ਦੇ ਘਰ ਵਿਚ ਹੀ ਸਿਆਸੀ ਘੇਰਾਬੰਦੀ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਨਿਯੁਕਤ ਕਰ ਕੇ ਸਿਆਸੀ ਨਿਸ਼ਾਨਾ ਸਾਧਿਆ ਹੈ। ਵੀਰਵਾਰ ਨੂੰ ਗੜ੍ਹੀ ਦੇ ਨਿਯੁਕਤੀ ਪੱਤਰ ਦਾ ਸੋਸ਼ਲ ਮੀਡੀਆ ’ਤੇ ਆਉਣ ਉਪਰੰਤ ਸ੍ਰੀ ਚਮਕੌਰ ਹਲਕੇ ’ਚ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਧੜੇ ’ਚ ਹਲਚਲ ਹੋਈ, ਉੱਥੇ ਵਿਰੋਧੀ ਪਾਰਟੀਆਂ ’ਚ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਆਮ ਆਦਮੀ ਪਾਰਟੀ ਗੜ੍ਹੀ ਨੂੰ ਇੱਥੋਂ ਆਪਣਾ ਉਮੀਦਵਾਰ ਬਣਾਉਦੀ ਹੈ ਤਾਂ ਸ੍ਰੀ ਚਮਕੌਰ ਸਾਹਿਬ ’ਚ ਸਿੱਧੀ ਟੱਕਰ ‘ਆਪ’ ਤੇ ਕਾਂਗਰਸ ’ਚ ਹੋਵੇਗੀ। ਹਲਕੇ ਦੇ ਸਿਆਸੀ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀਆਂ ਪਿਛਲੇ ਦਿਨੀਂ ਦੋ ਨਗਰ ਕੌਸਲਾਂ ’ਤੇ ਪਾਰਟੀ ਦੇ ਪ੍ਰਧਾਨ ਨਿਯੁਕਤ ਕਰਨ ਨਾਲ ਸਿਆਸੀ ਪੈਂਠ ਮਜ਼ਬੂਤ ਹੋਈ ਸੀ ਪਰ ਪਾਰਟੀ ਹਾਈ ਕਮਾਂਡ ਨੇ ਜਸਬੀਰ ਗੜ੍ਹੀ ਦੀ ਨਿਯੁਕਤੀ ਕਰ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਤਰਾ ਅਨਸਾਰ ਜਸਬੀਰ ਸਿੰਘ ਗੜ੍ਹੀ ਬਸਪਾ ਦੇ ਸੂਬਾ ਪ੍ਰਧਾਨ ਰਹੇ ਹਨ ਉਨ੍ਹਾਂ ਦਾ ਚਮਕੌਰ ਸਾਹਿਬ ਹਲਕੇ ’ਚ ਇਕ ਮਜਬੂਤ ਧੜਾ ਅਜੇ ਵੀ ਉਨ੍ਹਾਂ ਦੀ ਪਿੱਠ ’ਤੇ ਖੜ੍ਹਾ ਹੈ, ਜੋ ਗੜ੍ਹੀ ਦੀ ਨਵੀਂ ਨਿਯੁਕਤੀ ਨਾਲ ਖੁਸ਼ੀ ’ਚ ਹੈ। ਹਲਕੇ ਦੇ ਸਿਆਸੀ ਮਾਹਰ ਦੱਸਦੇ ਹਨ ਕਿ ਕਾਂਗਰਸ ਹਾਈ ਕਮਾਂਡ ਨਾਲ ਸਾਬਕਾ ਮੁੱਖ ਮੰਤਰੀ ਦੇ ਚੱਲ ਰਹੇ ਸਿਆਸੀ ਕਾਟੋ-ਕਲੇਸ਼ ਦੌਰਾਨ ਹੀ ਗੜ੍ਹੀ ਦੀ ਨਿਯੁਕਤੀ ਨੇ ਚੰਨੀ ਲਈ ਨਵੀਂ ਸਿਆਸੀ ਟੈਨਸ਼ਨ ਖੜ੍ਹੀ ਕਰ ਦਿੱਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਸਿਆਸੀ ਪੈਰ ਹਲਕੇ ’ਚ ਮਜ਼ਬੂਤ ਕਰਨ ਲਈ ਵਿਉਂਤਬੰਦੀ ਬਣਾਉਣੀ ਪਵੇਗੀ, ਕਿਉਕਿ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰਾਂ ’ਚ ਤਾਲਮੇਲ ਵਧਾਉਣ ਦੀ ਲੋੜ ਹੈ, ਕਿਉਕਿ ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ’ਚ ਕਾਂਗਰਸ ਦੇ ਵੱਧ ਕੌਸਲਰ ਜਿੱਤਣ ਦੇ ਬਾਵਜੂਦ ਕੌਸਲਾਂ ’ਤੇ ਕਬਜ਼ਾ ਨਾ ਹੋਣ ਨਾਲ ਵੱਖ-ਵੱਖ ਪ੍ਰਕਾਰ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ। ਉੱਧਰ, ਨਵ-ਨਿਯੁਕਤ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਵਜੋਂ ਮੈਨੂੰ ਇਤਿਹਾਸਕ ਹਲਕੇ ’ਚ ਕੰਮ ਕਰਨ ਦਾ ਮੌਕਾ ਮਿਲਿਆ ਹੈ।