ਗੜ੍ਹੀ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਲਾਉਣ ਛਿੜੀ ਸਿਆਸੀ ਚਰਚਾ ਗੜ੍ਹੀ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਲਗਾਉਣ ਤੇ ਆਪ ਤੇ ਕਾਂਗਰਸ ਵਿਹੜੇ ਛਿੜੀ ਸਿਆਸੀ ਚਰਚਾਂ
Publish Date: Thu, 27 Aug 2026 05:28 PM (IST)
Updated Date: Thu, 27 Aug 2026 05:31 PM (IST)
:ਲਖਵੀਰ ਖਾਬੜਾ,ਪੰਜਾਬੀ ਜਾਰਗਣ ਰੂਪਨਗਰ : ਆਮ ਆਦਮੀ ਪਾਰਟੀ ਨੇ ਮਿਸ਼ਨ 2027 ਤਹਿਤ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਸ ਦੇ ਘਰ ਵਿਚ ਹੀ ਸਿਆਸੀ ਘੇਰਾਬੰਦੀ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਨਿਯੁਕਤ ਕਰਕੇ ਸਿਆਸੀ ਨਿਸ਼ਾਨਾ ਸੇਧਿਆ ਹੈ। ਵੀਰਵਾਰ ਨੂੰ ਗੜ੍ਹੀ ਦੇ ਨਿਯੁਕਤੀ ਪੱਤਰ ਦਾ ਸੋਸ਼ਲ ਮੀਡੀਆਂ ‘ਤੇ ਆਉਣ ਉਪਰੰਤ ਸ੍ਰੀ ਚਮਕੌਰ ਹਲਕੇ ਵਿਚ ਮੌਜੂਦਾ ਵਿਧਾਇਕ ਡਾ ਚਰਨਜੀਤ ਸਿੰਘ ਦੇ ਧੜੇ ਵਿਚ ਹਲਚਲ ਹੋਈ ਉੱਥੇ ਵਿਰੋਧੀ ਪਾਰਟੀਆਂ ਵਿਚ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਆਮ ਆਦਮੀ ਪਾਰਟੀ ਗੜ੍ਹੀ ਨੂੰ ਏਥੋ ਆਪਣਾ ਉਮੀਦਵਾਰ ਬਨਾਉਦੀ ਹੈ ਤਾਂ ਸ੍ਰੀ ਚਮਕੌਰ ਸਾਹਿਬ ਵਿਚ ਸਿੱਧੀ ਟੱਕਰ ਆਪ ਤੇ ਕਾਂਗਰਸ ਵਿਚ ਹੋਵੇਗੀ,ਭਾਵ ਸੇਰ ਨੂੰ ਸਵਾਸੇਰ ਟੱਕਰਣ ਵਾਲੀ ਕਹਾਵਤ ਸਿੱਧ ਹੋਵੇਗੀ। ਹਲਕੇ ਦੇ ਸਿਆਸੀ ਮਾਹਰਾਂ ਦਾ ਇਹ ਵੀ ਮੰਨਣਾਂ ਹੈ ਕਿ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਦੀਆ ਪਿਛਲੇ ਦਿਨੀ ਦੋ ਨਗਰ ਕੌਸਲਾਂ ‘ਤੇ ਪਾਰਟੀ ਦੇ ਪ੍ਰਧਾਨ ਨਿਯੁਕਤ ਕਰਨ ਨਾਲ ਸਿਆਸੀ ਪੈਂਠ ਮਜਬੂਤ ਹੋਈ ਸੀ ਪ੍ਰੰਤੂ ਪਾਰਟੀ ਹਾਈ ਕਮਾਂਡ ਨੇ ਜਸਬੀਰ ਗੜ੍ਹੀ ਦੀ ਨਿਯੁਕਤੀ ਕਰਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਤਰਾ ਅਨਸਾਰ ਜਸਬੀਰ ਸਿੰਘ ਗੜ੍ਹੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਹਨ ਉਨ੍ਹਾਂ ਦਾ ਚਮਕੌਰ ਸਾਹਿਬ ਹਲਕੇ ਵਿਚ ਇੱਕ ਮਜਬੂਤ ਧੜਾ ਅਜੇ ਵੀ ਉਨ੍ਹਾ ਦੀ ਪਿੱਠ ਤੇ ਖੜ੍ਹਾ ਹੈ, ਜੋ ਗੜ੍ਹੀ ਦੀ ਨਵੀ ਨਿਯੁਕਤੀ ਨਾਲ ਖੁਸ਼ੀ ਵਿਚ ਹੈ। ਹਲਕੇ ਦੇ ਸਿਆਸੀ ਮਾਹਰ ਦੱਸਦੇ ਹਨ ਕਿ ਕਾਂਗਰਸ ਹਾਈ ਕਮਾਂਡ ਨਾਲ ਸਾਬਕਾ ਮੁੱਖ ਮੰਤਰੀ ਦਾ ਚੱਲ ਰਿਹਾ ਸਿਆਸੀ ਕਾਂਟੋ ਕਲੇਸ ਦੌਰਾਨ ਹੀ ਗੜ੍ਹੀ ਦੀ ਨਿਯੁਕਤੀ ਨਾਲ ਚੰਨੀ ਲਈ ਨਵੀ ਸਿਆਸੀ ਟੈਨਸ਼ਨ ਖੜੀ ਕਰ ਦਿੱਤੀ ਹੈ। ਮਾਹਰਾਂ ਦਾ ਮੰਨਣਾਂ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਸਿਆਸੀ ਪੈਰ ਹਲਕੇ ਵਿਚ ਮਜਬੂਤ ਕਰਨ ਲਈ ਵਿਉਂਤਬੰਦੀ ਬਨਾਉਣੀ ਪਵੇਗੀ ਕਿਉਕਿ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰਾਂ ਵਿਚ ਤਾਲਮੇਲ ਵਧਾਉਣ ਦੀ ਲੋੜ ਹੈ ਕਿਉਕਿ ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਵਿਚ ਕਾਂਗਰਸ ਦੇ ਵੱਧ ਕੌਸਲਰ ਜਿੱਤਣ ਦੇ ਬਾਵਜੂਦ ਵੀ ਕੌਸਲਾਂ ‘ਤੇ ਕਬਜਾ ਨਾ ਹੋਣ ਨਾਲ ਵੱਖੋ ਵੱਖ ਪ੍ਰਕਾਰ ਦੀਆਂ ਚਰਚਾਵਾਂ ਚੱਲਦੀਆ ਰਹੀਆ ਹਨ। ਉੱਧਰ ਨਵਨਿਯੁਕਤ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਕਿਹਾਕਿ ਪਾਰਟੀ ਨੇ ਜਿਹੜੀ ਜਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾਕਿ ਹਲਕਾ ਇੰਚਾਰਜ ਵਜ਼ੋ ਮੈਨੂੰ ਇਤਿਹਾਸਕ ਹਲਕੇ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ।