ਲੁੱਟ ਦੀ ਵਾਰਦਾਤ ਸੁਲਝੀ: ਬੂਟਾਂ ਤੇ ਕੱਪੜਿਆਂ ਦੇ ਬੋਰੇ ਲੁੱਟਣ ਦੇ ਦੋਸ਼ ਹੇਠ ਪੁਲਿਸ ਨੇ ਇੱਕ ਨੂੰ ਦਬੋਚਿਆ ਦੋ ਬੂਟਾ ਤੇ ਇੱਕ ਕੱਪੜੇ ਦੇ ਭਰੇ ਬੋਰੇ ਲੁੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਨੂੰ ਕੀਤਾ ਕਾਬੂ
Publish Date: Sun, 29 Nov 2026 06:41 PM (IST)
Updated Date: Sun, 29 Nov 2026 06:43 PM (IST)
ਨਾਜਾਇਜ਼ ਅਸਲਾ ਤੇ ਗੱਡੀ ਵੀ ਹੋਈ ਬਰਾਮਦ, ਦੋ ਹੋਰ ਮੁਲਜ਼ਮ ਨਾਮਜ਼ਦ : ਡੀਐੱਸਪੀ. ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਪੁਲਿਸ ਨੇ ਇੱਕ ਬੂਟ ਵਿਕਰੇਤਾ ਕੋਲੋਂ ਪਿਸਤੌਲ ਦੀ ਨੋਕ ’ਤੇ ਬੂਟਾਂ ਦੇ ਦੋ ਬੋਰੇ ਤੇ ਕੱਪੜਿਆਂ ਦਾ ਇੱਕ ਭਰਿਆ ਬੋਰਾ ਲੁੱਟਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਨਾਜਾਇਜ਼ ਅਸਲੇ, ਲੁੱਟੇ ਹੋਏ ਸਾਮਾਨ ਤੇ ਚੋਰੀਸ਼ੁਦਾ ਪਿਕਅੱਪ ਗੱਡੀ ਸਮੇਤ ਕਾਬੂ ਕਰ ਲਿਆ ਹੈ, ਜਦਕਿ ਉਸ ਦੇ ਦੋ ਹੋਰ ਸਾਥੀਆਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਕੀ ਸੀ ਪੂਰਾ ਮਾਮਲਾ? ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦਪਿੰਦਰ ਸਿੰਘ ਨੇ ਦੱਸਿਆ ਕਿ ਤੌਹੀਦ ਪੁੱਤਰ ਮੁਹੰਮਦ ਬੂਟ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਤੋਂ ਸਾਹਿਲ ਬੱਸ ਰਾਹੀਂ ਬੂਟਾਂ ਅਤੇ ਕੱਪੜਿਆਂ ਦਾ ਸਾਮਾਨ ਮੰਗਵਾਇਆ ਸੀ। ਬੀਤੀ 25 ਨਵੰਬਰ 2026 ਨੂੰ ਜਦੋਂ ਉਹ ਰੂਪਨਗਰ ਦੇ ਨੰਗਲ ਚੌਕ ਵਿਖੇ ਬੱਸ ਵਿੱਚੋਂ ਬੂਟਾਂ ਦੇ ਦੋ ਬੋਰੇ ਅਤੇ ਕੱਪੜਿਆਂ ਦਾ ਇੱਕ ਬੋਰਾ ਉਤਾਰ ਕੇ ਰੇਹੜੀ ਵਿੱਚ ਲੱਦ ਰਿਹਾ ਸੀ, ਤਾਂ ਉੱਥੇ ਇੱਕ ਪਿਕਅੱਪ ਗੱਡੀ (ਨੰਬਰ PB-11-CF-9239) ਆ ਕੇ ਰੁਕੀ। ਗੱਡੀ ਵਿੱਚ ਸਵਾਰ ਦੋ ਮੋਨੇ ਨੌਜਵਾਨਾਂ ਨੇ ਖ਼ੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਪਹਿਲਾਂ ਉਸ ਕੋਲੋਂ ਸਾਮਾਨ ਦੇ ਬਿੱਲ ਮੰਗੇ ਅਤੇ ਫਿਰ ਪਿਸਤੌਲ ਤੇ ਤੇਜ਼ਧਾਰ ਹਥਿਆਰ (ਚਾਕੂ) ਦਿਖਾ ਕੇ ਡਰਾ-ਧਮਕਾ ਕੇ ਤਿੰਨੋਂ ਬੋਰੇ ਖੋਹ ਕੇ ਫ਼ਰਾਰ ਹੋ ਗਏ ਸਨ। ਡੀ.ਐੱਸ.ਪੀ. ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਲਾਈਨ ਸਾਹਮਣੇ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਉਕਤ ਪਿਕਅੱਪ ਗੱਡੀ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਗੱਡੀ ਦਾ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਮੌਕੇ ’ਤੇ ਹੀ ਦਬੋਚ ਲਿਆ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸੋਨੂੰ ਸ਼ਾਹ ਪੁੱਤਰ ਪੰਚਦੇਵ ਸ਼ਾਹ ਵਾਸੀ ਪਿੰਡ ਸ਼ਾਹਪੁਰ, ਥਾਣਾ ਆਰਾ, ਜ਼ਿਲ੍ਹਾ ਗੋੜਦੇਵੀ (ਬਿਹਾਰ) ਹਾਲ ਵਾਸੀ ਸਾਹਨੇਵਾਲ (ਲੁਧਿਆਣਾ) ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਇੱਕ ਦੇਸੀ ਪਿਸਤੌਲ (.32 ਬੋਰ) ਸਮੇਤ 2 ਜ਼ਿੰਦਾ ਰੌਂਦ, ਇੱਕ ਡਮੀ ਪਿਸਤੌਲ ਸਮੇਤ 135 ਛੱਰੇ (ਰੌਂਦ), ਲੁੱਟੇ ਹੋਏ ਬੂਟਾਂ ਦੇ ਦੋ ਬੋਰੇ, ਕੱਪੜਿਆਂ ਦਾ ਇੱਕ ਬੋਰਾ, ਇੱਕ ਲੋਹੇ ਦਾ ਤੇਜ਼ਧਾਰ ਹਥਿਆਰ (ਗਰਾਰੀ) ਤੇ ਵਾਰਦਾਤ ’ਚ ਵਰਤੀ ਗਈ ਪਿਕਅੱਪ ਗੱਡੀ (PB-11-CF-9239) ਬਰਾਮਦ ਕੀਤੀ ਹੈ, ਜੋ ਕਿ ਪਟਿਆਲਾ ਤੋਂ ਚੋਰੀ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਇਸ ਮਾਮਲੇ ’ਚ ਵਿਪਨ ਤਾਰਾ ਉਰਫ਼ ਮਨੀ ਪੁੱਤਰ ਭਾਰਤ ਭੂਸ਼ਣ ਤਾਰਾ ਵਾਸੀ ਮਕਾਨ ਨੰਬਰ 27, ਗਲੀ ਨੰਬਰ 3, ਗਣਪਤੀ ਕਲੋਨੀ, ਮਾਡਲ ਟਾਊਨ (ਲੁਧਿਆਣਾ) ਤੇ ਪਵਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਦਸ਼ਮੇਸ਼ ਨਗਰ, ਝੁੱਗੀਆਂ ਰੋਡ (ਖਰੜ) ਨੂੰ ਨਾਮਜ਼ਦ ਕੀਤਾ ਗਿਆ ਹੈ। ਡੀ.ਐੱਸ.ਪੀ. ਅਨੁਸਾਰ ਕਾਬੂ ਕੀਤੇ ਮੁਲਜ਼ਮ ਤੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਜ਼ਿਲ੍ਹਾ ਲੁਧਿਆਣਾ, ਮਲੇਰਕੋਟਲਾ ਤੇ ਮੋਹਾਲੀ ਦੇ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਹਨ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਬਲਵਿੰਦਰ ਸਿੰਘ ਤੇ ਏ.ਐੱਸ.ਆਈ. ਰਾਜ ਕੁਮਾਰ ਆਦਿ ਵੀ ਹਾਜ਼ਰ ਸਨ।