ਨਸ਼ਿਆਂ ਵਿਰੁੱਧ ਰੂਪਨਗਰ 'ਚ ਪੁਲਿਸ ਦੀ ਸਖ਼ਤ ਕਾਰਵਾਈ : 8 ਮਹੀਨਿਆਂ ’ਚ 624 ਮਾਮਲੇ ਦਰਜ, 908 ਮੁਲਜ਼ਮ ਗ੍ਰਿਫ਼ਤਾਰ ਨਸ਼ਿਆਂ ਵਿਰੁੱਧ ਰੂਪਨਗਰ 'ਚ ਪੁਲਿਸ ਦੀ ਸਖ਼ਤ ਕਾਰਵਾਈ: 8 ਮਹੀਨਿਆਂ 'ਚ 624 ਮਾਮਲੇ ਦਰਜ, 908 ਮੁਲਜ਼ਮ ਗ੍ਰਿਫ਼ਤਾਰ
Publish Date: Mon, 07 Sep 2026 06:49 PM (IST)
Updated Date: Mon, 07 Sep 2026 06:52 PM (IST)
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ : ਕੈਬਨਿਟ ਮੰਤਰੀ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 1 ਜੂਨ 2026 ਤੋਂ 31 ਅਗਸਤ 2026 ਤੱਕ ਦੀ ਵਿਸ਼ੇਸ਼ ਕਾਰਵਾਈ ਦੌਰਾਨ 251 ਮਾਮਲੇ ਦਰਜ ਕਰਕੇ 358 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦੌਰਾਨ 504 ਗ੍ਰਾਮ 463 ਮਿਲੀਗ੍ਰਾਮ ਨਸ਼ੀਲਾ ਪਾਊਡਰ, 229 ਕਿਲੋਗ੍ਰਾਮ 105 ਗ੍ਰਾਮ ਭੁੱਕੀ ਚੂਰਾ ਪੋਸਤ ਤੇ 1 ਕਿਲੋਗ੍ਰਾਮ 87 ਗ੍ਰਾਮ 316 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ 13,098 ਗੋਲੀਆਂ/ਕੈਪਸੂਲ ਸਮੇਤ 86,200 ਰੁਪਏ ਦੀ ਨਸ਼ਾ ਰਾਸ਼ੀ ਬਰਾਮਦ ਕੀਤੀ ਗਈ। ਇਹ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸਰਕਾਰੀ ਕਾਰਵਾਈ ਨੂੰ ਸਿਰਫ਼ ਕਾਨੂੰਨੀ ਕਾਰਵਾਈ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਨਾਲ ਜੋੜਨਾ ਵੀ ਬਰਾਬਰ ਜ਼ਰੂਰੀ ਹੈ। ਜ਼ਿਲ੍ਹਾ ਪੁਲਿਸ ਵਿਭਾਗ ਵੱਲੋਂ ਜੂਨ, ਜੁਲਾਈ ਤੇ ਅਗਸਤ 2026 ਦੌਰਾਨ ਪਿੰਡਾਂ, ਵਾਰਡਾਂ, ਜਨਤਕ ਥਾਵਾਂ ਤੇ ਵਿਦਿਅਕ ਅਦਾਰਿਆਂ’ਚ ਕੁੱਲ 97 ਜਾਗਰੂਕਤਾ ਸੈਮੀਨਾਰ/ਮੀਟਿੰਗਾਂ ਕਰਵਾਈਆਂ ਗਈਆਂ। ਇਨ੍ਹਾਂ ਰਾਹੀਂ ਨੌਜਵਾਨਾਂ ਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ’ਚ 2 ਸਰਕਾਰੀ ਤੇ 5 ਨਿੱਜੀ ਨਸ਼ਾ ਛੁਡਾਊ ਕੇਂਦਰ ਕਾਰਜਸ਼ੀਲ ਹਨ, ਜਿਨ੍ਹਾਂ ’ਚ ਕੁੱਲ 151 ਬੈੱਡਾਂ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ, ਸਥਾਨਕ ਸੰਸਥਾਵਾਂ, ਪਿੰਡ ਪੱਧਰੀ ਕਮੇਟੀਆਂ, ਵਿਦਿਅਕ ਅਦਾਰਿਆਂ ਤੇ ਆਮ ਲੋਕਾਂ ਵਿਚਕਾਰ ਬਿਹਤਰ ਤਾਲਮੇਲ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਸਾਰੇ ਸਬੰਧਿਤ ਵਿਭਾਗਾਂ ਨਾਲ ਨਿਰੰਤਰ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਸਾਂਝੇ ਯਤਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਇਸ ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਐੱਸਪੀ. ਪਲਵਿੰਦਰ ਸਿੰਘ ਚੀਮਾ, ਐੱਸਪੀ. ਹਰਸਿਮਰਤ ਸਿੰਘ, ਸਹਾਇਕ ਕਮਿਸ਼ਨਰ ਸਚਿਨ ਪਾਠਕ, ਯੁੱਧ ਨਸ਼ਿਆਂ ਵਿਰੁੱਧ ਦੇ ਜ਼ੋਨ ਇੰਚਾਰਜ ਅਨੂ ਬੱਬਰ, ਜ਼ਿਲ੍ਹਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਕਾਹਲੋ, ਐੱਸਡੀਐੱਮ. ਰੂਪਨਗਰ ਜਸਪ੍ਰੀਤ ਸਿੰਘ ਅਤੇ ਨਸ਼ਾ ਮੁਕਤੀ ਮੋਰਚਾ ਦੀ ਜ਼ਿਲ੍ਹਾ ਟੀਮ ਦੇ ਨੁਮਾਇੰਦੇ ਹਾਜ਼ਰ ਸਨ। ============== ਬਾਕਸ- ਜ਼ਿਲ੍ਹਾ ਪੁਲਿਸ ਦੀ ਨਸ਼ਿਆ ਖਿਲਾਫ਼ 8 ਮਹੀਨੇ ਦੀ ਇਹ ਹੈ ਸਫਲਤਾਂ ਮੀਟਿੰਗ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ 1 ਜਨਵਰੀ 2026 ਤੋਂ 31 ਅਗਸਤ 2026 ਤੱਕ ਨਸ਼ਿਆਂ ਵਿਰੁੱਧ ਕੀਤੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਐੱਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ 624 ਮਾਮਲੇ ਦਰਜ ਕਰਕੇ 908 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 1 ਕਿਲੋਗ੍ਰਾਮ 245 ਗ੍ਰਾਮ 494 ਮਿਲੀਗ੍ਰਾਮ ਨਸ਼ੀਲਾ ਪਾਊਡਰ, 14 ਕਿਲੋਗ੍ਰਾਮ 778 ਗ੍ਰਾਮ ਅਫ਼ੀਮ, 2 ਕਿਲੋਗ੍ਰਾਮ 567 ਗ੍ਰਾਮ 474 ਮਿਲੀਗ੍ਰਾਮ ਹੈਰੋਇਨ, 3 ਗ੍ਰਾਮ 97 ਮਿਲੀਗ੍ਰਾਮ ਚਰਸ, 505 ਗ੍ਰਾਮ ਗਾਂਜਾ, 191 ਗ੍ਰਾਮ ਆਈਸ ਅਤੇ 1,095 ਕਿਲੋਗ੍ਰਾਮ 786 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 13,543 ਗੋਲੀਆਂ/ਕੈਪਸੂਲ ਅਤੇ 9 ਟੀਕੇ ਵੀ ਬਰਾਮਦ ਕੀਤੇ ਗਏ। ਨਸ਼ਿਆਂ ਨਾਲ ਸਬੰਧਿਤ 8.02 ਲੱਖ ਰੁਪਏ ਦੀ ਨਸ਼ਾ ਰਾਸ਼ੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਖੇਤੀ ਨੂੰ ਰੋਕਣ ਲਈ ਪੁਲਿਸ ਅਤੇ ਸਬੰਧਿਤ ਵਿਭਾਗਾਂ ਵੱਲੋਂ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਮਾਰਚ 2026 ਵਿਚ ਖੱਦਰ ਕਲੋਨੀ ਕੋਟਲਾ ਨਿਹੰਗ ਵਿਖੇ ਇੱਕ ਘਰ ਵਿਚ ਭੁੱਕੀ ਦੇ ਬੂਟੇ ਬੀਜਣ ਦਾ ਮਾਮਲਾ ਸਾਹਮਣੇ ਆਉਣ ’ਤੇ ਐਨਡੀਪੀਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 118 ਬੂਟੇ, ਜਿਨ੍ਹਾਂ ਦਾ ਕੁੱਲ ਵਜ਼ਨ 8 ਕਿਲੋਗ੍ਰਾਮ 500 ਗ੍ਰਾਮ ਸੀ, ਬਰਾਮਦ ਕੀਤੇ ਗਏ।