27.60 ਗ੍ਰਾਮ ਹੀਰੋਇਨ ਸਮੇਤ ਤਿੰਨ ਨੌਜਵਾਨ ਕਾਬੂ ਪੁਲਿਸ ਨੇ ਨਾਕਾਬੰਦੀ ਦੌਰਾਨ 27.60 ਗ੍ਰਾਮ ਹੀਰੋਇਨ ਸਮੇਤ ਤਿੰਨ ਨੌਜਵਾਨ ਕਾਬੂ ਕੀਤੇ
Publish Date: Tue, 28 Jul 2026 05:22 PM (IST)
Updated Date: Wed, 29 Jul 2026 04:05 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੁਲਿਸ ਟੀਮ ਨੇ ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਆਰ,ਟੀ,ਓ ਬੈਰੀਅਰ ਨਜ਼ਦੀਕ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਹੀਰੋਇਨ ਚਿੱਟੇ ਸਮੇਤ ਕਾਬੂ ਕਰਨ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਅਨੁਸਾਰ ਬਿਲਾਸਪੁਰ ਪੁਲਿਸ ਦੀ ਸਪੈਸ਼ਲ ਡਿਟੈਕਸ਼ਨ ਟੀਮ ਐਸ, ਡੀ,ਟੀ ਮੈਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਇਹ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਟੀਮ ਵੱਲੋਂ ਨਸ਼ਾ ਤਸਕਰੀ ਰੋਕਣ ਲਈ ਸੱਕੀ ਪੁਰਸ਼ਾਂ ਤੇ ਅਪਰਾਧੀ ਕਿਸਮ ਦੇ ਬੰਦਿਆਂ ਦੀ ਭਾਲ ਵਿੱਚ ਮੁੱਖ ਮਾਰਗ ’ਤੇ ਮਿਤੀ 27/07/2026 ਨੂੰ ਨਾਕਾਬੰਦੀ ਕੀਤੀ ਹੋਈ ਸੀ ਜਿਸ ਵਿੱਚ ਪੁਲਿਸ ਟੀਮ ਵਾਹਨਾ ਦੀ ਤਲਾਸ਼ੀ ਕਰ ਰਹੀ ਸੀ। ਪੁਲਿਸ ਟੀਮ ਨੇ ਤਲਾਸ਼ੀ ਲਈ ਦਿੱਲੀ ਤੋਂ ਲੇਹ ਜਾ ਰਹੀ ਐਚ,ਆਰ,ਟੀ,ਸੀ ਦੀ ਬਸ ਨੰਬਰ ਐਚ,ਪੀ 42 33 31 ਨੂੰ ਰੋਕਿਆ। ਪੁਲਿਸ ਦੀ ਨਜ਼ਰ ਤਲਾਸ਼ੀ ਦੌਰਾਨ ਬੱਸ ਅੰਦਰ ਸਵਾਰੀਆਂ ਨਾਲ ਬੈਠੇ ਤਿੰਨ ਸ਼ੱਕੀ ਨੌਜਵਾਨਾਂ ’ਤੇ ਪਈ ਜੋ ਪੁਲਿਸ ਟੀਮ ਨੂੰ ਦੇਖ ਕੇ ਘਬਰਾ ਗਏ। ਸ਼ੱਕ ਦੇ ਅਧਾਰ ਤੇ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਨੌਜਵਾਨਾਂ ਪਾਸੋਂ 27.60 ਗ੍ਰਾਮ ਹੀਰੋਇਨ ਚਿੱਟਾ ਬਰਾਮਦ ਹੋਇਆ। ਪੁਲਿਸ ਟੀਮ ਨੇ ਤੁਰੰਤ ਤਿੰਨੇ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਇਹਨਾਂ ਨੇ ਆਪਣਾ ਨਾਮ ਕਰਮਵਾਰ ਸੁਨੀਲ ਪੁੱਤਰ ਧਰਮਪਾਲ ਨਿਵਾਸੀ ਜ਼ਿਲ੍ਹਾ ਸੋਨੀਪਤ ਹਰਿਆਣਾ, ਅਨਿਲ ਰਾਠੀ ਪੁੱਤਰ ਜਸਪਾਲ ਸਿੰਘ ਨਿਵਾਸੀ ਜਿਲਾ ਸੋਨੀਪਤ ਹਰਿਆਣਾ ਅਤੇ ਤੀਜੇ ਨੌਜਵਾਨ ਨੇ ਆਪਣਾ ਨਾਮ ਨੀਰਜ ਪੁੱਤਰ ਹੀਰੂ ਰਾਮ ਨਿਵਾਸੀ ਜਿਲਾ ਕੁੱਲੂ ਹਿਮਾਚਲ ਪ੍ਰਦੇਸ਼ ਦੱਸਿਆ। ਪੁਲਿਸ ਨੇ ਤਿੰਨੇ ਨੌਜਵਾਨਾ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਮੁਕਦਮਾ ਨੰਬਰ 56/2026/ ਮਿਤੀ 27/07/2026 ਐਨ,ਡੀ,ਪੀ,ਐਸ ਦੀ ਧਾਰਾ 21 ਅਤੇ 29 ਤਹਿਤ ਥਾਣਾ ਸਵਾਰਘਾਟ ਦਰਜ ਰਜਿਸਟਰ ਕੀਤਾ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਦੱਸਿਆ ਕਿ ਫੜਿਆ ਗਏ ਨੌਜਵਾਨ ਸੁਨੀਲ ਕੁਮਾਰ ਪੇਸ਼ੇਵਰ ਨਸ਼ਾ ਤਸਕਰ ਹੈ ਇਸ ਤੇ ਪਹਿਲਾਂ ਵੀ ਵੱਖ ਵਖ ਥਾਣਿਆਂ ਵਿੱਚ ਮੁਕਦਮੇ ਦਰਜ ਹਨ। ਜਿਨ੍ਹਾਂ ਵਿੱਚ ਮੁਕਦਮਾ ਨੰਬਰ 134/23 ਮਿਤੀ 03/05/23 ਥਾਣਾ ਸਦਰ ਕੁੱਲੂ ਹਿਮਾਚਲ ਪ੍ਰਦੇਸ਼, ਮੁਕਦਮਾ ਨੰਬਰ 275/17 ਮਿਤੀ 13/10/17 ਥਾਣਾ ਸਦਰ ਮੰਡੀ, ਮੁਕਦਮਾ ਨੰਬਰ 296/20 ਮਿਤੀ 11/11/20 ਥਾਣਾ ਸਦਰ ਮੰਡੀ ਅਤੇ ਮੁਕਦਮਾ ਨੰਬਰ 327/23 ਮਿਤੀ 1911/23 ਥਾਣਾ ਸਤਰ ਕੁੱਲੂ ਧਾਰਾ 406 ਦੇ ਅਧੀਨ ਦਰਜ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਾਰ ਵਾਰ ਜਮਾਨਤ ’ਤੇ ਰਿਹਾ ਹੋ ਕੇ ਮੁੜ ਧੰਦੇ ਵਿੱਚ ਸ਼ਾਮਿਲ ਹੋ ਜਾਂਦਾ ਸੀ। ਪੁਲਿਸ ਟੀਮ ਵੱਲੋਂ ਉਕਤ ਨੌਜਵਾਨਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿੱਥੇ ਗਹਿਰਾਈ ਨਾਲ ਜਾਂਚ ਪੜਤਾਲ ਦੌਰਾਨ ਅਗਲੇ ਪਿਛਲੇ ਲਿੰਕ ਖੰਗਾਲੇ ਜਾਣਗੇ ਪੁਲਿਸ ਨੂੰ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਟੀਮ ਨੇ ਦੱਸਿਆ ਕਿ ਨਸ਼ਾ ਤਸਕਰ ਹੁਣ ਸਰਕਾਰੀ ਬੱਸਾਂ ਵਿੱਚ ਸਫਰ ਕਰਕੇ ਨਸ਼ਾ ਤਸਕਰੀ ਦਾ ਨਵਾਂ ਪਲਾਨ ਬਣਾ ਰਹੇ ਹਨ, ਪਰ ਪੁਲਿਸ ਮੁਸਤੈਦ ਹੈ। ਪੁਲਿਸ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਨਸ਼ਾ ਤਸਕਰ ਕਿਸੇ ਵੀ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ।