- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲ ਅਕੈਡਮੀ ਕਮਾਲਪੁਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਮਾਰੀਆਂ ਮੱਲਾਂ

3 ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਨਹਿਰੂ ਸਟੇਡੀਅਮ ਰੂਪਨਗਰ ਵਿਖੇ ਆਯੋਜਿਤ ਕੀਤੀਆਂ ਗਈਆਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ’ਚ ਅਕਾਲ ਅਕੈਡਮੀ ਕਮਾਲਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ’ਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਤਿੰਨ ਖਿਡਾਰੀਆਂ ਮਹਿਤਾਬ ਕੌਰ, ਤਨਵੀਤ ਕੌਰ ਅਤੇ ਪਰਮਵੀਰ ਸਿੰਘ ਦੀ ਚੋਣ ਰਾਜ (ਸਟੇਟ) ਪੱਧਰੀ ਖੇਡਾਂ ਲਈ ਹੋਈ ਹੈ, ਜੋ ਕਿ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ।
ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੰਡਰ-14 ਲੜਕੀਆਂ ਦੇ ਵਰਗ ’ਚ ਮਹਿਤਾਬ ਕੌਰ ਨੇ ਹਰਡਲ ਰੇਸ ਅਤੇ ਹਾਈ ਜੰਪ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮੇ ਜਿੱਤੇ। ਤਨਵੀਤ ਕੌਰ ਨੇ 600 ਮੀਟਰ ਦੌੜ ’ਚ ਦੂਜਾ ਅਤੇ 400 ਮੀਟਰ ਦੌੜ ’ਚ ਤੀਜਾ ਸਥਾਨ ਹਾਸਲ ਕੀਤਾ। ਗੁਰਸਿਮਰਨ ਕੌਰ (ਸੱਤਵੀਂ ਜਮਾਤ) ਨੇ ਹਰਡਲ ਰੇਸ ’ਚ ਤੀਜਾ ਸਥਾਨ ਹਾਸਲ ਕੀਤਾ। ਜਪਮਨ ਕੌਰ (ਅੱਠਵੀਂ ਜਮਾਤ) ਨੇ 200 ਮੀਟਰ ਦੌੜ ’ਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੇ ਵਰਗ ’ਚ ਪਰਮਵੀਰ ਸਿੰਘ (ਅੱਠਵੀਂ ਜਮਾਤ) ਨੇ 400 ਮੀਟਰ ਦੌੜ ’ਚ ਦੂਜਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਕੈਂਪਸ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਖ਼ਤ ਮਿਹਨਤ ਕਰਵਾਉਣ ਲਈ ਖੇਡ ਅਧਿਆਪਕ (ਡੀਪੀਈ./ਪੀਟੀਆਈ.) ਮਨਿੰਦਰ ਸਿੰਘ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ।