46ਵੀਆਂ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਹੈਂਡਬਾਲ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮਖਮ ਖਾਲਸਾ ਸਕੂਲ ਵਿਖੇ 46ਵੀਆਂ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਹੈਂਡਬਾਲ ਮੁਕਾਬਲਿਆਂ 'ਚ ਦੂਜੇ ਦਿਨ ਵੀ ਖਿਡਾਰੀਆਂ ਨੇ ਦਿਖਾਇਆ ਦਮਖਮ
Publish Date: Thu, 12 Nov 2026 04:21 PM (IST)
Updated Date: Thu, 12 Nov 2026 04:24 PM (IST)
ਲੜਕੀਆਂ ਦੇ ਮੁਕਾਬਲਿਆਂ ’ਚ ਤਰਨ ਤਾਰਨ ਨੇ ਜਿੱਤਿਆ ਸੋਨ ਤਗਮਾ, ਗੁਰਦਾਸਪੁਰ ਦੂਜੇ ਤੇ ਲੁਧਿਆਣਾ ਤੀਜੇ ਸਥਾਨ ’ਤੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈਆਂ ਜਾ ਰਹੀਆਂ 46ਵੀਆਂ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ 11 ਸਾਲ ਉਮਰ ਵਰਗ ਦੇ ਹੈਂਡਬਾਲ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਵਿਚਕਾਰ ਬੇਹੱਦ ਫਸਵੇਂ ਤੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਇਸ ਦੌਰਾਨ ਲੜਕੀਆਂ ਦੇ ਮੁਕਾਬਲੇ ਸੰਪੰਨ ਹੋ ਗਏ, ਜਿਨ੍ਹਾਂ ’ਚ ਤਰਨਤਾਰਨ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ, ਜਦਕਿ ਗੁਰਦਾਸਪੁਰ ਦੀ ਟੀਮ ਦੂਜੇ, ਲੁਧਿਆਣਾ ਤੀਜੇ ਤੇ ਰੂਪਨਗਰ ਦੀ ਟੀਮ ਚੌਥੇ ਸਥਾਨ ’ਤੇ ਰਹੀ। ਇਸ ਦੇ ਨਾਲ ਹੀ ਮੁੰਡਿਆਂ ਦੇ ਹੈਂਡਬਾਲ ਮੁਕਾਬਲਿਆਂ ਦੀ ਵੀ ਸ਼ੁਰੂਆਤ ਹੋ ਗਈ। ਖੇਡਾਂ ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼ਮਸ਼ੇਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੰਡਿਆਂ ਦੇ ਮੁਕਾਬਲਿਆਂ ’ਚ ਸੂਬੇ ਦੇ 23 ਜ਼ਿਲ੍ਹਿਆਂ ਤੋਂ ਲਗਭਗ 350 ਖਿਡਾਰੀ ਭਾਗ ਲੈ ਰਹੇ ਹਨ, ਜਦਕਿ ਸੰਪੰਨ ਹੋਏ ਲੜਕੀਆਂ ਦੇ ਮੁਕਾਬਲਿਆਂ ’ਚ ਵੀ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਬਾਹਰਲੇ ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਤੇ ਅਧਿਆਪਕਾਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਜ਼ਿਲ੍ਹਾ ਰੂਪਨਗਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਰੂਪਨਗਰ ਦੀ ਇਤਿਹਾਸਕ ਧਰਤੀ ’ਤੇ ਸੂਬਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਸਿੱਖਿਆ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਟੀਮਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਮਨਜੋਤ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੁੰਡਿਆਂ ਦੇ ਹੈਂਡਬਾਲ ਮੁਕਾਬਲੇ ਜਾਰੀ ਰਹਿਣਗੇ, ਜਿਨ੍ਹਾਂ ਨੂੰ ਲੈ ਕੇ ਖਿਡਾਰੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਦਵਿੰਦਰ ਕੁਮਾਰ ਗਰਦਲੇ, ਕਮਿੰਦਰ ਸਿੰਘ ਡਕਾਲਾ, ਇੰਦਰਪਾਲ ਸਿੰਘ ਸੈਣੀ, ਸੱਜਣ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ ਖਾਬੜਾ, ਸੁਪਰਡੈਂਟ ਮਲਕੀਤ ਸਿੰਘ ਭੱਠਲ, ਪੁਨੀਤ ਸਿੰਘ, ਗੁਰਜੀਤ ਸਿੰਘ ਭੱਟੀ, ਦਵਿੰਦਰ ਸਿੰਘ, ਸੰਜੀਵ ਕੁਮਾਰ, ਰਜਿੰਦਰ ਵਿਸ਼ਨੂ, ਰਾਕੇਸ਼ ਕੁਮਾਰ ਰੋੜੀ, ਜਗਮੋਹਨ ਸਿੰਘ ਚੌਂਤਾ, ਰਣਜੀਤ ਸਿੰਘ ਔਲਖ, ਅਮਨਦੀਪ ਕੌਰ, ਮੋਏਨਾ ਚੱਬਾ, ਹਰਜੀਤ ਸਿੰਘ ਸੈਣੀ, ਅਮਰਜੀਤ ਸੈਣੀ ਮਾਜਰਾ, ਜਸਵਿੰਦਰ ਸਿੰਘ, ਜਸਕਰਨ ਸਿੰਘ, ਸੁਰਿੰਦਰ ਸਿੰਘ, ਨੀਰਜ ਸ਼ਰਮਾ, ਇੰਦਰਜੀਤ ਸਿੰਘ ਤੇ ਰਾਮ ਕੁਮਾਰ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।