- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਵੱਲੋਂ ਅਜੇ ਠਾਕੁਰ ਨੂੰ ਮੈਰਾਥਨ ਲਈ ਸੱਦਾ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਨੂਰਪੁਰਬੇਦੀ ਵਿਖੇ ਕਰਵਾਈ ਜਾ ਰਹੀ ਪਹਿਲੀ ‘ਪੀਰ ਬਾਬਾ ਜਿੰਦਾ ਸ਼ਹੀਦ ਮੈਰਾਥਨ’ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ। ਇਸੇ ਤਹਿਤ ਸੁਸਾਇਟੀ ਦੇ ਮੈਂਬਰਾਂ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ, ਅਰਜੁਨ ਐਵਾਰਡੀ ਅਤੇ ਪਦਮ ਸ੍ਰੀ ਅਜੇ ਠਾਕੁਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੈਰਾਥਨ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।
ਇਸ ਮੁਲਾਕਾਤ ’ਚ ਸੁਸਾਇਟੀ ਦੇ ਸਰਗਰਮ ਮੈਂਬਰ ਦੀਪਕ ਪੁਰੀ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਦੇ ਯਤਨਾਂ ਸਦਕਾ ਸੁਸਾਇਟੀ ਦੇ ਮੈਂਬਰਾਂ ਦੀ ਅਜੇ ਠਾਕੁਰ ਨਾਲ ਸਿੱਧੀ ਮੁਲਾਕਾਤ ਹੋ ਸਕੀ। ਇਸ ਮੌਕੇ ਸੁਸਾਇਟੀ ਵੱਲੋਂ ਅਜੇ ਠਾਕੁਰ ਨੂੰ ਮੈਰਾਥਨ ’ਚ ਸ਼ਾਮਲ ਹੋਣ ਲਈ ਸਿੱਧਾ ਸੱਦਾ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਅਜੇ ਠਾਕੁਰ ਵੱਲੋਂ ‘ਪੀਰ ਬਾਬਾ ਜਿੰਦਾ ਸ਼ਹੀਦ ਪਹਿਲੀ ਮੈਰਾਥਨ ਨੂਰਪੁਰ ਬੇਦੀ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਅਜੇ ਠਾਕੁਰ ਨੇ ਸੁਸਾਇਟੀ ਵੱਲੋਂ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਰਾਥਨ ਵਰਗੇ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਮੈਰਾਥਨ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ’ਚ ਨੌਜਵਾਨਾਂ ਅਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇਸ ਮੌਕੇ ਐਥਲੀਟ ਮਾਸਟਰ ਜੋਗਾ ਸਿੰਘ, ਸੁਸਾਇਟੀ ਦੇ ਸਰਗਰਮ ਮੈਂਬਰ ਦੀਪਕ ਪੁਰੀ, ਮੁਲਾਜ਼ਮ ਆਗੂ ਅਵਨੀਤ ਚੱਢਾ ,ਐਡਵੋਕੇਟ ਮੁਨੀਸ਼ ਪੁਰੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਮੈਰਾਥਨ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਲੋਕਾਂ ਅਤੇ ਨੌਜਵਾਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।