ਲੋਕਾਂ ਵੱਲੋਂ ਗੰਦੇ ਪਾਣੀ ’ਚ ਝੋਨਾ ਲਗਾ ਕੇ ਸੀਵਰੇਜ ਬੋਰਡ ਤੇ ਪ੍ਰਸ਼ਾਸਨ ਦੀ ਨਿੰਦਾ ਲੋਕਾਂ ਨੇ ਸਰਕਾਰੀ ਹਸਪਤਾਲ ਨੇੜੇ ਸੀਵਰੇਜ ਦੇ ਗੰਦੇ ਪਾਣੀ ਵਿਚ ਲਗਾਇਆ ਝੋਨਾ
Publish Date: Sun, 13 Sep 2026 06:28 PM (IST)
Updated Date: Sun, 13 Sep 2026 06:29 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਅਤੇ ਦਰਜਨਾਂ ਪਿੰਡਾਂ ਨੂੰ ਮੋਰਿੰਡਾ ਨਾਲ ਜੋੜਦੀ ਸੜਕ ਉੱਤੇ ਸਰਕਾਰੀ ਹਸਪਤਾਲ ਦੇ ਨਾਲ ਸੜਕ ਉੱਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਕਈ ਸਾਲਾਂ ਤੋਂ ਸਮੱਸਿਆ ਹੱਲ ਨਹੀਂ ਹੋ ਰਹੀ। ਜਿਸ ਦੇ ਰੋਸ ’ਚ ਲੋਕਾਂ ਨੇ ਸ਼ਹਿਰ ਦੇ ਅੰਦਰਲੇ ਰੇਲਵੇ ਫਾਟਕ ਤੋਂ ਸ਼ਮਸ਼ਾਨ ਘਾਟ ਵੱਲ ਜਾਣ ਵਾਲੀ ਸੜਕ ਦੇ ’ਤੇ ਸਰਕਾਰੀ ਹਸਪਤਾਲ ਦੇ ਨੇੜੇ ਬੀਤੇ ਕਈ ਸਾਲਾਂ ਤੋਂ ਜਮ੍ਹਾ ਹੁੰਦੇ ਸੀਵਰੇਜ ਦੇ ਗੰਦੇ ਪਾਣੀ ਦਾ ਕੋਈ ਹੱਲ ਨਾ ਕੀਤੇ ਜਾਣ ਲੋਕਾਂ ਵੱਲੋਂ ਗੰਦੇ ਪਾਣੀ ਵਿਚ ਝੋਨਾ ਲਗਾ ਕੇ ਸੀਵਰੇਜ ਬੋਰਡ ਨਗਰ ਕੌਂਸਲ ਤੇ ਪ੍ਰਸ਼ਾਸਨ ਦੀ ਨਿੰਦਾ ਕੀਤੀ। ਇਸ ਤੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਮਨਜੀਤ ਸਿੰਘ ਫਤਿਹਪੁਰ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਰੇਲਵੇ ਫਾਟਕ ਤੋਂ ਸ਼ਮਸ਼ਾਨ ਘਾਟ ਵੱਲ ਜਾ ਰਹੀ ਸੜਕ ਤੇ ਸਰਕਾਰੀ ਹਸਪਤਾਲ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ ਜਿਸ ਨਾਲ ਸ਼ਹਿਰ ਤੇ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤ ਹੁੰਦੀ ਹੈ। ਇੱਥੇ ਸੜਕ ਤੇ ਕਈ ਸਾਲ ਪਹਿਲਾਂ ਜੋ ਟਾਈਲ ਵਰਕ ਕੀਤਾ ਗਿਆ ਸੀ ਇਥੇ ਪਾਣੀ ਖੜ੍ਹਨ ਕਾਰਨ ਉਹ ਟਾਈਲਾਂ ਵੀ ਦੱਬ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਐੱਨਆਰਆਈ ਜੁਗਰਾਜ ਸਿੰਘ ਮਾਨਖੇੜੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਸਰਪੰਚ ਦਵਿੰਦਰ ਸਿੰਘ ਮਝੈਲ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸੰਗਤਪੁਰਾ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਯੂਥ ਆਗੂ ਲਖੀ ਸ਼ਾਹ, ਮਜੀਦ ਮੋਨੂ ਖਾਨ, ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਸਵਰਨਕਾਰ ਸੰਘ ਦੇ ਸੀਨੀਅਰ ਆਗੂ ਮਨਮੋਹਣ ਕੁਮਾਰ, ਵਿਕਰਾਂਤ ਵਰਮਾ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਉਇੰਦ, ਦੋਧੀ ਤੇ ਡੇਅਰੀ ਯੂਨੀਅਨ ਦੇ ਆਗੂ ਤਜਿੰਦਰ ਕੁਮਾਰ ਗੁਪਤਾ ਬਿੱਟੂ ਡੇਅਰੀ, ਬੀਸੀ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਗਾ, ਜੱਸੀ ਧੀਮਾਨ, ਸ਼ਿਵ ਸੈਨਾ ਬਾਲਾ ਸਾਹਿਬ ਉਧਵ ਠਾਕਰੇ ਦੇ ਜਿਲ੍ਹਾ ਯੂਥ ਪ੍ਰਧਾਨ ਕਰਨ ਗੁਪਤਾ, ਸ਼ਿਵ ਸੈਨਾ ਆਗੂ ਮਨਜੀਤ ਸਿੰਘ, ਗਿਆਨੀ ਸ਼ੇਰ ਸਿਘ ਸ਼ਾਹਪੁਰ ਆਦਿ ਆਗੂਆਂ ਨੇ ਕਿਹਾ ਕਿ ਮੋਰਿੰਡਾ ’ਚ ਸੇਵਰੇਜ ਦਾ ਮੰਦਾ ਹਾਲ ਹੈ। ਸ਼ਹਿਰ ਦਾ ਕੋਈ ਹੀ ਇਲਾਕਾ ਅਜਿਹਾ ਹੋਵੇਗਾ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਨਾ ਫੈਲਦਾ ਹੋਵੇ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਨੇੜੇ ਸੀਵਰੇਜ ਦਾ ਇਹ ਗੰਦਾ ਪਾਣੀ ਨੇੜਲੀ ਇਲਾਕੇ ਦੇ ਲੋਕਾਂ ਲਈ ਬਿਮਾਰੀਆਂ ਦਾ ਖਤਰਾ ਪੈਦਾ ਕਰ ਰਿਹਾ ਹੈ। ਉੱਥੇ ਹੀ ਲੇਬਰ ਚੌਕ ਵਿਚ ਆਉਣ ਵਾਲੇ ਸੈਕੜੇ ਮਜ਼ਦੂਰਾਂ ਲਈ ਵੀ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਦੇ ਨੇੜੇ ਫੈਲੇ ਗੰਦੇ ਪਾਣੀ, ਚੁੰਨੀ ਰੋਡ ਤੋਂ ਸ਼ਮਸ਼ਾਨ ਘਾਟ ਤੱਕ ਜਾਂਦੀ ਸੜ੍ਹਕ ਤੇ ਅਕਸਰ ਖੜੇ ਰਹਿੰਦੇ ਸੀਵਰੇਜ ਦੇ ਗੰਦੇ ਪਾਣੀ ਅਤੇ ਸ਼ਹਿਰ ਵਿੱਚ ਹੋਰਨਾਂ ਵੱਖ-ਵੱਖ ਥਾਵਾਂ ਤੇ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਵਾਇਰਲ ਵੀਡੀਓ ਤੋਂ ਪ੍ਰਸ਼ਾਸਨ ਕਿੰਨਾ ਕੁ ਸੁਚੇਤ ਹੁੰਦਾ ਹੈ।