ਐਲਗਰਾਂ ਪੁਲ ਦੀ ਮੁਰੰਮ਼ਤ ਦੀ ਹੌਲੀ ਰਫਤਾਰ ਤੋਂ ਲੋਕ ਪ੍ਰੇਸ਼ਾਨ, ਸਾਢੇ ਤਿੰਨ ਸਾਲਾਂ ਤੋਂ ਚੱਲ ਰਿਹਾ ਕੰਮ ਐਲਗਰਾਂ ਪੁਲ ਦੀ ਮੁਰੰਮ਼ਤ ਦੀ ਹੌਲੀ ਰਫਤਾਰ ਤੋਂ ਲੋਕ ਪ੍ਰੇਸ਼ਾਨ
Publish Date: Sat, 25 Jul 2026 04:55 PM (IST)
Updated Date: Sat, 25 Jul 2026 04:56 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੂਰਪੁਰ ਬੇਦੀ ਨੰਗਲ ਮੁੱਖ ਮਾਰਗ ਤੇ ਐਲਗਰਾਂ ਸੁਆ ਨਦੀ ਉੱਪਰ ਬਣੇ ਪੁਲ ਦੀ ਮੁਰੰਮਤ ਦਾ ਕੰਮ ਬੇਹੱਦ ਹੌਲੀ ਰਫ਼ਤਾਰ ਨਾਲ ਚੱਲਣ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੇ ਸਮੇਂ ਤੋਂ ਬੰਦ ਪਏ ਇਸ ਪੁਲ ਕਾਰਨ ਲੋਕਾਂ ਨੂੰ ਰੋਜ਼ਾਨਾ 20 ਤੋਂ 25 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ, ਜਿਸ ਨਾਲ ਸਮੇਂ ਅਤੇ ਧਨ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਕਥਿਤ ਗੈਰਕਾਨੂੰਨੀ ਮਾਈਨਿੰਗ ਕਾਰਨ ਪੁਲ ਦੇ ਪਿੱਲਰ ਆਪਣੀ ਥਾਂ ਤੋਂ ਖਿਸਕ ਗਏ ਸਨ, ਜਿਸ ਨਾਲ ਪੁਲ ਖ਼ਤਰਨਾਕ ਹਾਲਤ ਵਿੱਚ ਪਹੁੰਚ ਗਿਆ। ਇਸ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਨਿਰਮਾਣ ਵਿਭਾਗ ਨੇ 22 ਦਸੰਬਰ 2023 ਨੂੰ ਪੁਲ ਦੇ ਦੋਵੇਂ ਪਾਸਿਆਂ ਤੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ, ਪਰ ਇਸ ਦੀ ਰਫ਼ਤਾਰ ਇੰਨੀ ਹੋਲੀ ਹੈ ਕਿ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਗੌਰਵ ਰਾਣਾ ਨੇ ਕਿਹਾ ਕਿ ਇਸ ਪੁਲ ਦੇ ਬੰਦ ਹੋਣ ਨਾਲ ਨੂਰਪੁਰ ਬੇਦੀ ਤੋਂ ਕਲਮਾ ਰਾਹੀਂ ਨੰਗਲ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚਕਾਰ ਆਵਾਜਾਈ ਕਰਨ ਵਾਲੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਲੰਮਾ ਚੱਕਰ ਕੱਟ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ। ਸਭ ਤੋਂ ਵੱਧ ਮੁਸ਼ਕਲ ਪੁਲ ਦੇ ਦੋਵੇਂ ਪਾਸਿਆਂ ਵਸਦੇ ਕਰੀਬ 10 ਤੋਂ 15 ਪਿੰਡਾਂ ਦੇ ਲੋਕਾਂ ਨੂੰ ਆ ਰਹੀ ਹੈ, ਜਿਨ੍ਹਾਂ ਦੇ ਆਪਸੀ ਰਿਸ਼ਤੇਦਾਰੀਆਂ ਅਤੇ ਰੋਜ਼ਾਨਾ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਤਿੰਨ ਸਾਲ ਪਹਿਲਾਂ ਬਣੇ ਹਾਲਾਤਾਂ ਨੂੰ ਦੇਖਦਿਆਂ ਕਿਲ੍ਹਾ ਆਨੰਦਗੜ੍ਹ ਸਾਹਿਬ ਕਾਰ ਸੇਵਾ ਵੱਲੋਂ ਸੰਗਤ ਦੀ ਸਹੂਲਤ ਲਈ ਸਵਾਂ ਨਦੀ ਤੇ ਇੱਕ ਆਰਜ਼ੀ ਪੁਲ ਬਣਾਇਆ ਗਿਆ ਸੀ, ਪਰ ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਵੀ ਰੁੜ੍ਹ ਗਿਆ। ਇਸ ਤੋਂ ਬਾਅਦ ਦੋਵੇਂ ਪਾਸਿਆਂ ਦੇ ਲੋਕਾਂ ਦਾ ਆਪਸੀ ਸੰਪਰਕ ਲਗਭਗ ਟੁੱਟ ਚੁੱਕਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਪੁਲ ਦੀ ਮੁਰੰਮਤ ਕਰਨ ਲਈ ਹੀ ਸਰਕਾਰ ਨੂੰ ਸਾਢੇ ਤਿੰਨ ਸਾਲ ਤੋਂ ਵੱਧ ਸਮਾਂ ਲੱਗ ਰਿਹਾ ਹੈ ਤਾਂ ਬਾਕੀ ਵਿਕਾਸ ਕਾਰਜਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਲਾਕੇ ਦੀਆਂ ਕਈ ਸੜਕਾਂ ਉੱਪਰ ਅੱਧ-ਅਧੂਰਾ ਪ੍ਰੀਮਿਕਸ ਪਾ ਕੇ ਕੰਮ ਛੱਡ ਦਿੱਤਾ ਗਿਆ ਹੈ, ਜਦਕਿ ਕਈ ਲਿੰਕ ਸੜਕਾਂ ਤੇ ਟਾਈਲਾਂ ਲਗਾ ਕੇ ਉਨ੍ਹਾਂ ਦਾ ਕੁਦਰਤੀ ਸਰੂਪ ਵੀ ਖ਼ਰਾਬ ਕੀਤਾ ਜਾ ਰਿਹਾ ਹੈ। ਰਾਣਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਰੋਡ ਉੱਤੇ ਟਾਇਲਾ ਉਨ੍ਹਾਂ ਸਥਾਨਾਂ ਤੇ ਹੀ ਲੱਗਦੀਆਂ ਹਨ ਜਿਨਾਂ ਏਰੀਆ ਵਿੱਚ ਡਿਜਾਸਟਰ ਜਾਂ ਹੜ੍ਹਾ ਦੀ ਮਾਰ ਹੋਵੇ ਪਰ ਇਸ ਥੋੜੀ ਜਿਹੀ ਡਿਜ਼ਾਸਟਰ ਵਰਗੇ ਹਾਲਾਤਾਂ ਦੀ ਪ੍ਰਕਿਰਿਆ ਨੂੰ ਕਈ ਲਿੰਕ ਰੋੜਾਂ ਉੱਤੇ ਲਗਾਉਣਾ ਜਿੱਥੇ ਨਿਯਮਾਂ ਦੀ ਉਲੰਘਣਾ ਹੈ ਉਥੇ ਹੀ ਆਉਣ ਵਾਲੇ ਸਮੇਂ ਵਿੱਚ ਲਿੰਕ ਰੋੜਾਂ ਦੇ ਕੁਦਰਤੀ ਸਵਰੂਪ ਨਾਲ ਛੇੜਛਾੜ ਭਰੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ਼ਤਿਹਾਰਬਾਜ਼ੀ ਤੇ ਵੱਡਾ ਖ਼ਰਚ ਕਰਕੇ ਸੂਬੇ ਨੂੰ ਕਰਜ਼ੇ ਹੇਠ ਦੱਬ ਦਿੱਤਾ ਹੈ, ਪਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ। ਨਜ਼ਾਇਜ਼ ਮਾਇਨਿੰਗ ਦੀ ਭੇਟ ਚੜਿਆਂ ਸੀ ਪੁਲ ਦੱਸਣਾਂ ਬਣਦਾ ਹੈ ਕਿ ਸਾਲ 2008 ਤੋਂ ਚੱਲ ਰਹੀ ਨਜ਼ਾਇਜ਼ ਮਾਇਨਿੰਗ ਨੇ 2017 ਵਾਲੀ ਸਰਕਾਰ ਤੋਂ ਬਾਅਦ ਇੰਨੀ ਤੇਜੀ ਫੜੀ ਕਿ ਮਾਇਨਿੰਗ ਮਾਫੀਆਂ ਇਨ੍ਹਾਂ ਪੁਲਾਂ ਦੇ ਥੱਲੇ ਬਣੇ ਬੈਂਡਾਂ ਦੇ ਥੱਲਿਉ ਵੀ ਮਿੱਟੀ ਕੱਢ ਕੇ ਲੈ ਗਏ ਹਲਾਤ ਇਥੋ ਤਕ ਬੱਦਤਰ ਹੋ ਗਏ ਕਿ ਇਹ ਪੁਲ ਡਿੱਗਣ ਕਿਨਾਰੇ ਆ ਗਿਆ। ਪੁਲ ਦੀ ਮੁਰੰਮਤ ਤਾਂ ਚੱਲ ਰਹੀ ਹੈ , ਪਰ ਅਜ ਵੀ ਖਦਸ਼ਾਂ ਹੈ ਕਿ ਜੇਕਰ ਮੁਰੰਮਤ ਤੋਂ ਬਾਅਦ ਇਸ ਪੁਲ ਨੂੰ ਨਾ ਸੰਭਾਲਿਆਂ ਗਿਆ ਤਾਂ ਇਸ ਦੇ ਬਚਣ ਦੀ ਗਰੰਟੀ ਫਿਰ ਵੀ ਨਹੀ ਹੋਵੇਗੀ।