ਭਰਤਗੜ੍ਹ ਪੰਜਹੇਰਾ ਮਾਰਗ ਦੀ ਖ਼ਸਤਾ ਹਾਲਤ ਤੋਂ ਰਾਹਗੀਰ ਪਰੇਸ਼ਾਨ ਭਰਤਗੜ ਪੰਜਹੇਰਾ ਮਾਰਗ ਦੀ ਖਸਤਾ ਹਾਲਤ ਤੋਂ ਰਾਹਗੀਰ ਪਰੇਸ਼ਾਨ
Publish Date: Mon, 27 Jul 2026 05:35 PM (IST)
Updated Date: Tue, 28 Jul 2026 04:01 AM (IST)
-ਵਾਪਰ ਰਹੇ ਹਾਦਸਿਆਂ ਕਾਰਨ ਸਥਾਨਕ ਲੋਕਾਂ ਨੇ ਸੜਕ ਨਵਿਆਉਣ ਦੀ ਕੀਤੀ ਮੰਗ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦੀ ਭਰਤਗੜ ਪੰਜਹੇਰਾ ਮਾਰਗ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੜਕ ’ਤੇ ਜਗ੍ਹਾ ਜਗ੍ਹਾ ਖੱਡੇ ਪਏ ਹੋਏ ਹਨ ਜਿਨ੍ਹਾਂ ਵਿੱਚ ਬਰਸਾਤ ਦੇ ਮੌਸਮ ਕਾਰਨ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਭਾਰੀ ਵਾਹਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਅਤੇ ਦੋ ਪਹੀਆ ਵਾਹਨਾਂ ਦਾ ਚਲਣਾ ਮੁਸ਼ਕਿਲ ਹੋ ਰਿਹਾ ਹੈ। ਨਜ਼ਦੀਕੀ ਇਲਾਕਾ ਵਾਸੀਆਂ ਨੂੰ ਸੜਕ ’ਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਇਲਾਕਾ ਨਿਵਾਸੀ ਸੰਤਾਪ ਭੋਗ ਰਹੇ ਹਨ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪੰਜਾਬ ਸੀਮਾ ਤੇ ਦਬੋਟਾ ਨਦੀ ਦਾ ਪੁਲ ਕਰੀਬ ਚਾਰ ਸਾਲ ਪਹਿਲਾਂ ਨਦੀ ਵਿੱਚ ਜਿਆਦਾ ਪਾਣੀ ਆ ਜਾਣ ਕਾਰਨ ਟੁੱਟ ਗਿਆ ਸੀ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਪੁਲ ਉੱਤੇ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ ਸੀ। ਸਥਾਨਕ ਲੋਕਾਂ ਵੱਲੋਂ ਨਦੀ ਵਿੱਚੋਂ ਆਰਜੀ ਰਸਤੇ ਵੀ ਬਣਾਏ ਗਏ, ਪਰ ਜਦੋਂ ਭਾਰੀ ਬਾਰਿਸ਼ ਪੈਂਦੀ ਹੈ ਤਾਂ ਆਰਜੀ ਰਸਤਾ ਵੀ ਟੁੱਟ ਜਾਂਦਾ ਹੈ ਜਿਸ ਕਾਰਨ ਉਦਯੋਗਿਕ ਸ਼ਹਿਰ ਨਾਲਾਗੜ੍ਹ ਬੱਦੀ ਦੀ ਸਾਰੀ ਆਵਾਜਾਈ ਭਰਤਗੜ੍ਹ ਪੰਜੇਹਰਾ ਤੋਂ ਪਿੰਡ ਕਕਰਾਲਾ ਹੋ ਕੇ ਜਾਂਦੀ ਹੈ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਰੋਜਾਨਾ ਨਾਲਾਗੜ੍ਹ ਬੱਦੀ ਫੈਕਟਰੀਆਂ ਵਿੱਚ ਡਿਊਟੀ ਕਰਨ ਜਾਂਦੇ ਹਨ ਅਤੇ ਰੋਜਾਨਾ ਉਨ੍ਹਾਂ ਨੂੰ ਇਸ ਮਾਰਗ ਤੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਬੇਸ਼ੱਕ ਸਰਕਾਰ ਵੱਲੋਂ ਦਬੋਟਾ ਨਦੀ ਦਾ ਪੁਲ ਬਣਾਇਆ ਜਾ ਰਿਹਾ ਹੈ, ਪਰ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਇਸ ਮਾਰਗ ਤੋਂ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਰਾਹਗੀਰ ਲੰਘਦੇ ਹਨ ਅਤੇ ਪੰਜਾਬ ਸਰਹੱਦ ਸੀਮਾ ’ਤੇ ਇੱਕ ਵੱਡੀ ਸੀਮੇਟ ਫੈਕਟਰੀ ਦੇ ਨਾਲ ਨਾਲ ਕਰੈਸ਼ਰ ਵੀ ਲੱਗੇ ਹੋਏ ਹਨ ਜਿਸ ਕਾਰਨ ਹਜ਼ਾਰਾਂ ਭਾਰੀ ਵਾਹਨ ਇਸ ਮਾਰਗ ਤੋਂ ਲੰਘਦੇ ਹਨ। ਬਰਸਾਤ ਕਾਰਨ ਸੜਕ ’ਤੇ ਪਏ ਛੋਟੇ ਖੱਡੇ ਵੀ ਪਾਣੀ ਖੜਨ ਕਾਰਨ ਵੱਡੇ ਬਣ ਗਏ ਹਨ। ਸੜਕ ਦੇ ਦੋਵੇਂ ਪਾਸੇ ਮਾਰਕੀਟ ਬਣੀ ਹੋਈ ਹੈ ਅਤੇ ਰੋਜਾਨਾ ਲੰਘਣ ਵਾਲੇ ਵਾਹਨਾਂ ਨਾਲ ਪਾਣੀ ਦੇ ਛਿੱਟੇ ਦੂਰ-ਦੂਰ ਤੱਕ ਵੱਜਦੇ ਹਨ। ਧੁੱਪ ਸਮੇਂ ਮਿੱਟੀ ਘੱਟਾ ਸੜਕ ਤੋਂ ਉੱਡਦਾ ਰਹਿੰਦਾ ਹੈ ਜਿਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਦਾ ਕੰਮ ਵੀ ਠੱਪ ਪਿਆ ਹੈ। ਸੜਕ ’ਤੇ ਪਏ ਖੱਡਿਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਮਲਟੀ ਐਕਸਲ ਟਰੱਕਾਂ ਦਾ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਜਿਆਦਾ ਨੁਕਸਾਨ ਰੋਜਾਨਾ ਦੇ ਆਉਣ ਜਾਣ ਵਾਲੇ ਰਾਹਗੀਰਾਂ ਦੇ ਨਾਲ ਨਾਲ ਸਕੂਲੀ ਬੱਚਿਆਂ ਦਾ ਵੀ ਹੋ ਰਿਹਾ ਹੈ ਕਿਉਂਕਿ ਨਜ਼ਦੀਕੀ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਬੱਚੇ ਭਰਤਗੜ੍ਹ ਸਰਕਾਰੀ ਸਕੂਲ ਪੜ੍ਹਨ ਆਉਂਦੇ ਹਨ। ਸਥਾਨਕ ਇਲਾਕਾ ਨਿਵਾਸੀਆਂ ਅਤੇ ਰੋਜ਼ਾਨਾ ਦੇ ਆਉਣ ਜਾਣ ਵਾਲੇ ਰਾਹਗੀਰਾਂ ਨੇ ਦੋਵੇਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।