ਕਾਂਗਰਸ ਦੀ ਸਰਕਾਰ ਬਣਨ ’ਤੇ ਰੱਦ ਹੋਵੇਗੀ ਪੀਸੀਐੱਸ ਭਰਤੀ, ਮੁੜ ਕਰਵਾਏ ਜਾਣਗੇ ਪੇਪਰ : ਚੰਨੀ ਕਾਂਗਰਸ ਦੀ ਸਰਕਾਰ ਬਣਨ 'ਤੇ ਰੱਦ ਹੋਵੇਗੀ ਪੀਸੀਐਸ ਭਰਤੀ, ਮੁੜ ਕਰਵਾਏ ਜਾਣਗੇ ਪੇਪਰ-ਚੰਨੀ
Publish Date: Wed, 11 Nov 2026 06:41 PM (IST)
Updated Date: Wed, 11 Nov 2026 06:42 PM (IST)
84 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਮੰਨਿਆ ਕਾਂਗਰਸ ਦੀ ਗਲਤੀ ਪਰਾਲੀ ਸਾੜਨ ’ਤੇ ਕਿਸਾਨਾਂ ਖ਼ਿਲਾਫ਼ ਦਰਜ ਪਰਚੇ ਤੇ ਜ਼ਮੀਨਾਂ ’ਚ ਰੈੱਡ ਐਂਟਰੀ ਕਰਨ ਦਾ ਕੀਤਾ ਵਿਰੋਧ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਇੱਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਕਈ ਅਹਿਮ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਪਰਾਲੀ ਸਾੜਨ ਦੇ ਮਾਮਲਿਆਂ ’ਚ ਕਿਸਾਨਾਂ ਖ਼ਿਲਾਫ਼ ਦਰਜ ਕੀਤੀਆਂ ਐੱਫਆਈਆਰਜ਼ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਮਾਲ ਰਿਕਾਰਡ ’ਚ ਕੀਤੀਆਂ ਗਈਆਂ ਰੈੱਡ ਐਂਟਰੀਆਂ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਕਿਸਾਨਾਂ ਖ਼ਿਲਾਫ਼ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਜਾਇਜ਼ ਨਹੀਂ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਚੰਨੀ ਨੇ ਮੰਨਿਆ ਕਿ ਇਹ ਕਾਂਗਰਸ ਦੀ ਗਲਤੀ ਸੀ,ਉਸ ਸਮੇਂ ਦੀ ਸਰਕਾਰ ਤੋਂ ਵੀ ਗਲਤੀ ਹੋਈ ਸੀ। ਇਸ ਤਰ੍ਹਾਂ ਉਨ੍ਹਾਂ ਨੇ ਇਸ ਘਟਨਾ ਲਈ ਕਾਂਗਰਸ ਦੀ ਗਲਤੀ ਸਵੀਕਾਰ ਕੀਤੀ। ਪੰਜਾਬ ’ਚ ਨਸ਼ਿਆਂ ਦੇ ਵਧ ਰਹੇ ਕਾਰੋਬਾਰ ਬਾਰੇ ਚੰਨੀ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਸਰਕਾਰ ਦੀ ਅਣਗਹਿਲੀ ਕਾਰਨ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ। ਉਨ੍ਹਾਂ ਪੁਲਿਸ ’ਤੇ ਵੀ ਵਧੀਕੀਆਂ ਕਰਨ ਦੇ ਦੋਸ਼ ਲਗਾਏ। ਪੀਸੀਐੱਸ ਭਰਤੀ ਦੇ ਮੁੱਦੇ ’ਤੇ ਚੰਨੀ ਨੇ ਘਪਲੇਬਾਜ਼ੀ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਪੀਸੀਐਸ ਦੀ ਮੌਜੂਦਾ ਭਰਤੀ ਰੱਦ ਕਰਕੇ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਇਸ ਮਾਮਲੇ ਦੀ ਜਾਂਚ ਵੀ ਕਰਵਾਈ ਜਾਵੇਗੀ ਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਆਪਣੀ ਪ੍ਰਸਤਾਵਿਤ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਬਾਰੇ ਜਾਣਕਾਰੀ ਦਿੰਦਿਆਂ ਚੰਨੀ ਨੇ ਸਪੱਸ਼ਟ ਕੀਤਾ ਕਿ ਉਹ 28 ਵਿਧਾਨ ਸਭਾ ਹਲਕਿਆਂ ’ਚ ਸਾਈਕਲ ਯਾਤਰਾ ਕਰਨਗੇ। ਕਾਂਗਰਸ ਦੇ ਹੋਰ ਸੀਨੀਅਰ ਆਗੂ ਆਪੋ-ਆਪਣੇ ਇਲਾਕਿਆਂ ਵਿੱਚ ਵੱਖ-ਵੱਖ ਢੰਗਾਂ ਨਾਲ ਨਸ਼ਾ ਵਿਰੋਧੀ ਮੁਹਿੰਮ ਚਲਾਉਣਗੇ। ਇਸ ਮੌਕੇ ਉਨ੍ਹਾਂ ਯਾਤਰਾ ਦਾ ਰੂਟ ਪਲਾਨ ਵੀ ਪੱਤਰਕਾਰਾਂ ਨਾਲ ਸਾਂਝਾ ਕੀਤਾ। ਤਰਖਾਣ ਮਾਜਰਾ-ਬਰਿੰਦਰ ਢਿੱਲੋਂ ਵਿਵਾਦ ਬਾਰੇ ਚੰਨੀ ਨੇ ਕਿਹਾ ਕਿ ਦੋਵੇਂ ਕਾਂਗਰਸ ਪਾਰਟੀ ਦੇ ਆਗੂ ਹਨ। ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਦਾ ਸਿਆਸੀ ਲਾਹਾ ਨਹੀਂ ਲੈਣਾ ਚਾਹੀਦਾ। ਦੋਵਾਂ ਵਿਚਕਾਰ ਜੋ ਵੀ ਵਿਵਾਦ ਜਾਂ ਮਨ-ਮੁਟਾਅ ਹੋਇਆ ਹੈ, ਉਸ ਨੂੰ ਬੈਠ ਕੇ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ।