ਨੰਗਲ ‘ਚ ਭਾਜਪਾ ਵੱਲੋਂ ਕੱਢੀ ਤਿਰੰਗਾ ਯਾਤਰਾ ’ਚ ਦਿੱਖਿਆਂ ਦੇਸ਼ ਭਗਤੀ ਦਾ ਜਜ਼ਬਾ ਨੰਗਲ ‘ਚ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਵਿੱਚ ਦਿੱਖਿਆਂ ਦੇਸ਼ ਭਗਤੀ ਦਾ ਜਜ਼ਬਾ
Publish Date: Fri, 14 Aug 2026 04:53 PM (IST)
Updated Date: Fri, 14 Aug 2026 04:56 PM (IST)
‘ਤਿਰੰਗਾ ਦੇਸ਼ ਦੀ ਆਨ, ਬਾਨ ਤੇ ਸ਼ਾਨ, ਹਰ ਘਰ ਲਹਿਰਾ ਕੇ ਸ਼ਹੀਦਾਂ ਨੂੰ ਕਰੀਏ ਨਮਨ’ : ਡਾ. ਸੁਭਾਸ਼ ਸ਼ਰਮਾ ਪੰਜਾਬੀ ਜਾਗਰਣ ਟੀਮ, ਨੰਗਲ : ਆਜ਼ਾਦੀ ਦਿਵਸ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਨੰਗਲ ਵਿੱਚ ਭਾਜਪਾ ਵਲੋਂ ਤਿਰੰਗਾ ਯਾਤਰਾ ਕੱਢੀ ਗਈ। ਹੱਥਾਂ ਵਿੱਚ ਸ਼ਾਨ ਨਾਲ ਲਹਿਰਾਉਂਦੇ ਤਿਰੰਗੇ, ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਗੂੰਜਦੇ ਜੈਕਾਰਿਆਂ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਨੰਗਲ ਦਾ ਮਾਹੌਲ ਪੂਰੀ ਤਰ੍ਹਾਂ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਯਾਤਰਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਰਾਸ਼ਟਰਭਗਤੀ ਦਾ ਸੰਦੇਸ਼ ਦਿੱਤਾ।ਤਿਰੰਗਾ ਯਾਤਰਾ ਵਿੱਚ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਯਾਤਰਾ ਦੀ ਸ਼ੁਰੂਆਤ ਸ਼ਿਵ ਮੰਦਰ, ਮੇਨ ਮਾਰਕੀਟ ਤੋਂ ਹੋਈ। ਇਸ ਮੌਕੇ ਭਾਜਪਾ ਵਰਕਰਾਂ ਅਤੇ ਨਾਗਰਿਕਾਂ ਵੱਲੋਂ ਡਾ. ਸੁਭਾਸ਼ ਸ਼ਰਮਾ ਦਾ ਫੁੱਲਾਂ ਦੇ ਹਾਰ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਹੱਥਾਂ ਵਿੱਚ ਤਿਰੰਗਾ ਲੈ ਕੇ ਉਤਸ਼ਾਹ ਨਾਲ ਯਾਤਰਾ ਵਿੱਚ ਸ਼ਾਮਲ ਲੋਕਾਂ ਨੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਅਤੇ ਦੇਸ਼ ਦੇ ਅਮਰ ਸ਼ਹੀਦਾਂ ਨੂੰ ਨਮਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਅਸਲ ਤਾਕਤ ਇਸ ਦੀ ਏਕਤਾ, ਅਖੰਡਤਾ, ਸਮਾਜਿਕ ਸਮਰਸਤਾ ਅਤੇ ਦੇਸ਼ਭਗਤੀ ਦੀ ਭਾਵਨਾ ਵਿੱਚ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਸਿਰਫ਼ ਰਾਸ਼ਟਰੀ ਝੰਡਾ ਲਹਿਰਾਉਣ ਤੱਕ ਸੀਮਿਤ ਨਹੀਂ, ਸਗੋਂ ਹਰੇਕ ਭਾਰਤੀ ਦੇ ਮਨ ਵਿੱਚ ਦੇਸ਼ ਪ੍ਰਤੀ ਮਾਣ, ਸਨਮਾਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਦੇਸ਼ ਭਰ ਵਿੱਚ ਚਲਾਈ ਜਾ ਰਹੀ ‘ਹਰ ਘਰ ਤਿਰੰਗਾ’ ਮੁਹਿੰਮ ਰਾਹੀਂ ਆਜ਼ਾਦੀ ਦਿਵਸ ਨੂੰ ਜਨ-ਜਨ ਦਾ ਤਿਉਹਾਰ ਬਣਾਇਆ ਜਾ ਰਿਹਾ ਹੈ। ਤਿਰੰਗਾ ਸਾਡੇ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਨਾਲ ਕਰੋੜਾਂ ਦੇਸ਼ ਵਾਸੀਆਂ ਦੇ ਮਾਣ, ਤਿਆਗ ਅਤੇ ਕੁਰਬਾਨੀ ਦੀ ਭਾਵਨਾ ਜੁੜੀ ਹੋਈ ਹੈ।ਡਾ. ਸ਼ਰਮਾ ਨੇ ਕਿਹਾ ਕਿ ਆਜ਼ਾਦੀ ਸਾਨੂੰ ਅਣਗਿਣਤ ਮਹਾਨ ਯੋਧਿਆਂ ਦੇ ਸੰਘਰਸ਼ ਅਤੇ ਕੁਰਬਾਨੀਆਂ ਸਦਕਾ ਪ੍ਰਾਪਤ ਹੋਈ ਹੈ। ਇਸ ਲਈ ਆਜ਼ਾਦੀ ਦਿਵਸ ਸਿਰਫ਼ ਖੁਸ਼ੀ ਮਨਾਉਣ ਦਾ ਮੌਕਾ ਨਹੀਂ, ਸਗੋਂ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਯਾਦ ਕਰਨ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਦਾ ਸੰਕਲਪ ਲੈਣ ਦਾ ਦਿਨ ਵੀ ਹੈ। ਉਨ੍ਹਾਂ ਨੰਗਲ ਵਾਸੀਆਂ ਸਮੇਤ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਆਪਣੇ ਘਰਾਂ ’ਤੇ ਤਿਰੰਗਾ ਜ਼ਰੂਰ ਲਹਿਰਾਉਣ ਅਤੇ ਆਜ਼ਾਦੀ ਦੇ ਅਮਰ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।ਉਨ੍ਹਾਂ ਕਿਹਾ ਕਿ ਜਦੋਂ ਤਿਰੰਗਾ ਦੇਸ਼ ਦੇ ਹਰ ਘਰ ਦੀ ਪਹਿਚਾਣ ਬਣੇਗਾ ਅਤੇ ਹਰੇਕ ਨਾਗਰਿਕ ਦੇ ਦਿਲ ਵਿੱਚ ਦੇਸ਼ਭਗਤੀ ਦੀ ਭਾਵਨਾ ਹੋਰ ਪ੍ਰਬਲ ਹੋਵੇਗੀ ਤਾਂ ਇਸ ਨਾਲ ਰਾਸ਼ਟਰੀ ਏਕਤਾ ਅਤੇ ਸਮਾਜਿਕ ਸਮਰਸਤਾ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਨ੍ਹਾਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਕਿ ਉਹ ਦੇਸ਼ ਦੇ ਗੌਰਵਮਈ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ।ਤਿਰੰਗਾ ਯਾਤਰਾ ਦੌਰਾਨ ਭਾਜਪਾ ਵਰਕਰਾਂ ਅਤੇ ਨਾਗਰਿਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਪੂਰਾ ਰਸਤਾ ਦੇਸ਼ਭਗਤੀ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ ਅਤੇ ਲੋਕਾਂ ਨੇ ਹੱਥਾਂ ਵਿੱਚ ਰਾਸ਼ਟਰੀ ਝੰਡਾ ਲੈ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਡਾ. ਪਰਵਿੰਦਰ ਸ਼ਰਮਾ, ਮੁਕੇਸ਼ ਨੱਡਾ, ਡਾ. ਰਜਿੰਦਰ ਕੁਮਾਰ, ਜਤਿੰਦਰ ਸਿੰਘ ਅਠਵਾਲ, ਨੰਗਲ ਮੰਡਲ ਪ੍ਰਧਾਨ ਹਰਮਨਜੀਤ ਪ੍ਰਿੰਸ, ਵਿਵੇਕ ਸ਼ਰਮਾ, ਪਵਨ ਜਗੋਤਾ, ਬਲਜਿੰਦਰ ਸੋਨੀ, ਮੋਤੀ ਲਾਲ ਮੋਜੋਵਾਲ, ਐਡਵੋਕੇਟ ਰਾਕੇਸ਼ ਮੜਕਨ, ਰਾਜੂ ਸੈਣੀ, ਰਾਕੇਸ਼ ਸ਼ਰਮਾ, ਅਵਿਨਾਸ਼ ਸ਼ਰਮਾ, ਕਰਨ ਵਰਮਾ, ਭਨੂੰਪਲੀ ਮੰਡਲ ਦੇ ਸਾਬਕਾ ਪ੍ਰਧਾਨ ਦਿਨੇਸ਼ ਜੋਸ਼ੀ ਅਤੇ ਪ੍ਰਧਾਨ ਮੋਹਿਤ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।