ਤੇਂਦੂਏ ਦੀ ਦਹਿਸ਼ਤ, ਬੱਕਰੀ ਤੇ ਦੋ ਪਾਲਤੂ ਕੁੱਤਿਆਂ ਨੂੰ ਬਣਾਇਆ ਸ਼ਿਕਾਰ ਪਿੰਡ ਦੜੋਲੀ ਵਿਖੇ ਤੇਂਦੂਏ ਦੀ ਦਹਿਸ਼ਤ
Publish Date: Tue, 24 Nov 2026 03:15 PM (IST)
Updated Date: Tue, 24 Nov 2026 03:16 PM (IST)
ਸੀਸੀਟੀਵੀ ’ਚ ਕੈਦ ਹੋਈ ਵਾਰਦਾਤ; ਪ੍ਰਾਈਮਰੀ ਸਕੂਲ ਨੇੜੇ ਖ਼ਤਰੇ ਨੂੰ ਦੇਖਦਿਆਂ ਜੰਗਲੀ ਜੀਵ ਵਿਭਾਗ ਨੇ ਲਗਾਇਆ ਪਿੰਜਰਾ ਕੁਲਵਿੰਦਰ ਭਾਟੀਆ , ਪੰਜਾਬੀ ਜਾਗਰਣ, ਨੰਗਲ : ਕਰੀਬੀ ਪਿੰਡ ਦੜੋਲੀ ਵਿਖੇ ਬੀਤੇ ਕਈ ਦਿਨਾਂ ਤੋਂ ਰਿਹਾਇਸ਼ੀ ਇਲਾਕੇ ’ਚ ਤੇਂਦੂਏ ਦੀ ਆਮਦ ਕਾਰਨ ਪਿੰਡ ਵਾਸੀਆਂ ’ਚ ਭਾਰੀ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤੇਂਦੂਏ ਵੱਲੋਂ ਪਿੰਡ ਦੇ ਲੰਬੜਦਾਰ ਸ. ਨਿਰਮਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਇੱਕ ਬੱਕਰੀ ਤੇ ਫਿਰ ਲਗਾਤਾਰ ਦੋ ਪਾਲਤੂ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਕੁੱਤੇ ਨੂੰ ਸ਼ਿਕਾਰ ਕਰਕੇ ਲਿਜਾਣ ਦੀ ਇਹ ਪੂਰੀ ਵਾਰਦਾਤ ਲੰਬੜਦਾਰ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਹਰਕਤ ’ਚ ਆਉਂਦਿਆਂ ਜੰਗਲੀ ਜੀਵ ਵਿਭਾਗ ਦੀ ਟੀਮ ਵੱਲੋਂ ਅੱਜ ਪਿੰਡ ਦੜੋਲੀ ਵਿਖੇ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਲਗਾ ਦਿੱਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੰਬੜਦਾਰ ਸ. ਨਿਰਮਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇੱਕ ਬੱਕਰੀ ਗਾਇਬ ਹੋ ਗਈ ਸੀ, ਜਿਸ ਬਾਰੇ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਆਵਾਰਾ ਕੁੱਤੇ ਚੁੱਕ ਕੇ ਲੈ ਗਏ ਹੋਣਗੇ। ਪਰ ਇਸ ਤੋਂ ਬਾਅਦ ਲਗਾਤਾਰ ਦੋ ਪਾਲਤੂ ਕੁੱਤੇ ਤੇਂਦੂਏ ਦਾ ਸ਼ਿਕਾਰ ਬਣ ਗਏ। ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਰਾਹੀਂ ਸਾਊਦੀ ਅਰਬ ਬੈਠੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਵਾਰਦਾਤ ਦੇਖ ਲਈ ਤੇ ਤੁਰੰਤ ਫੋਨ ਕਰਕੇ ਪਿੰਡ ਸੂਚਿਤ ਕੀਤਾ ਕਿ ਤੇਂਦੂਆ ਕੁੱਤੇ ਦਾ ਸ਼ਿਕਾਰ ਕਰਕੇ ਲੈ ਗਿਆ ਹੈ। ਲੰਬੜਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਬਿਲਕੁਲ ਅੱਗੇ ਪਿੰਡ ਦਾ ਪ੍ਰਾਈਮਰੀ ਸਕੂਲ ਸਥਿਤ ਹੈ, ਜਿੱਥੇ ਰੋਜ਼ਾਨਾ ਛੋਟੇ ਬੱਚੇ ਪੜ੍ਹਨ ਲਈ ਆਉਂਦੇ-ਜਾਂਦੇ ਹਨ। ਰਿਹਾਇਸ਼ੀ ਇਲਾਕੇ ’ਚ ਤੇਂਦੂਏ ਦੇ ਘੁੰਮਣ ਕਾਰਨ ਸਕੂਲੀ ਬੱਚਿਆਂ ਤੇ ਪਾਲਤੂ ਪਸ਼ੂਆਂ ਦੀ ਜਾਨ ਨੂੰ ਹਰ ਵੇਲੇ ਖ਼ਤਰਾ ਬਣਿਆ ਹੋਇਆ ਸੀ। ਕਿਉਂਕਿ ਪਿੰਡ ਵਾਸੀ ਆਪਣੇ ਪੱਧਰ ’ਤੇ ਤੇਂਦੂਏ ਨੂੰ ਕਾਬੂ ਨਹੀਂ ਕਰ ਸਕਦੇ ਸਨ, ਇਸ ਲਈ ਉਨ੍ਹਾਂ ਤੁਰੰਤ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ। ਉਨ੍ਹਾਂ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਿੰਜਰਾ ਲਗਾਉਣ ਤੇ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਮੌਕੇ ’ਤੇ ਪੁੱਜੇ ਜੰਗਲੀ ਜੀਵ ਵਿਭਾਗ ਦੇ ਬਲਾਕ ਅਫ਼ਸਰ (ਬੀ.ਓ.) ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਬੜਦਾਰ ਸ. ਨਿਰਮਲ ਸਿੰਘ ਵੱਲੋਂ ਫੋਨ ਰਾਹੀਂ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਵਣ ਮੰਡਲ ਅਫ਼ਸਰ ਤੇ ਰੇਂਜ ਅਫ਼ਸਰ ਦੇ ਆਦੇਸ਼ਾਂ ਤਹਿਤ ਪਿੰਡ ’ਚ ਪਿੰਜਰਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਨਾਲ ਲੱਗਦੇ ਜੰਗਲੀ ਇਲਾਕੇ ਕਾਰਨ ਤੇਂਦੂਆ ਅਕਸਰ ਸ਼ਿਕਾਰ ਦੀ ਭਾਲ ’ਚ ਇੱਧਰ ਆ ਜਾਂਦਾ ਹੈ। ਬੀ.ਓ. ਨਰਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲੰਬੜਦਾਰ ਨਿਰਮਲ ਸਿੰਘ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਤੇਂਦੂਆ ਫੜ ਕੇ ਚਿੜੀਆਘਰ ਛੱਡਿਆ ਗਿਆ ਸੀ ਤੇ ਜਲਦ ਹੀ ਇਸ ਤੇਂਦੂਏ ਨੂੰ ਵੀ ਕਾਬੂ ਕਰਕੇ ਸੁਰੱਖਿਅਤ ਥਾਂ ’ਤੇ ਛੱਡ ਦਿੱਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਬਜਾਏ ਸਾਵਧਾਨੀ ਵਰਤੀ ਜਾਵੇ—ਰਾਤ ਸਮੇਂ ਘਰਾਂ ਦੇ ਬਾਹਰ ਦੀਆਂ ਲਾਈਟਾਂ ਜਗਾ ਕੇ ਰੱਖੀਆਂ ਜਾਣ, ਰਾਤ ਵੇਲੇ ਇਕੱਲੇ ਬਾਹਰ ਨਿਕਲਣ ਦੀ ਥਾਂ ਸਮੂਹ ’ਚ ਟਾਰਚ ਤੇ ਸੋਟੀ ਲੈ ਕੇ ਨਿਕਲਿਆ ਜਾਵੇ ਤੇ ਪਸ਼ੂਆਂ ਸਮੇਤ ਖੁਦ ਵੀ ਇਕੱਲੇ ਜੰਗਲ ਵੱਲ ਨਾ ਜਾਇਆ ਜਾਵੇ। ਇਸ ਮੌਕੇ ਵਿਭਾਗ ਦੇ ਹੋਰ ਕਰਮਚਾਰੀ ਅੰਮ੍ਰਿਤ ਲਾਲ , ਪੰਜਾਬ ਸਿੰਘ , ਸੰਜੀਵ ਕੁਮਾਰ ਤੇ ਪਿੰਡ ਵਾਸੀ ਮੌਜੂਦ ਸਨ । ਐੱਸ.ਡੀ.ਐੱਮ. ਸ਼ਿਵਾਂਸ਼ ਰਾਠੀ ਤੇ ਤਹਿਸੀਲਦਾਰ ਸੁਮੀਤ ਢਿੱਲੋਂ ਨੇ ਲਿਆ ਮੌਕੇ ਦਾ ਜਾਇਜ਼ਾ ਐੱਸ.ਡੀ.ਐੱਮ. ਨੰਗਲ ਸ਼ਿਵਾਂਸ਼ ਰਾਠੀ ਵੱਲੋਂ ਪਿੰਡ ਦੜੋਲੀ ਦੇ ਉਸ ਮੁਹੱਲੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ, ਜਿੱਥੇ ਜੰਗਲੀ ਜੀਵ ਵਿਭਾਗ ਵੱਲੋਂ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨੰਗਲ ਦੇ ਤਹਿਸੀਲਦਾਰ ਸੁਮੀਤ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿੰਜਰੇ ਵਾਲੇ ਸਥਾਨ ਦਾ ਨਿਰੀਖਣ ਕਰਦਿਆਂ ਇਲਾਕੇ ਦੀ ਸੁਰੱਖਿਆ ਤੇ ਵਿਭਾਗੀ ਕਾਰਵਾਈ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ।