ਨਸ਼ੇ ਦੇ ਸੌਦਾਗਰਾਂ ਦੀ ਨਹੀਂ ਦਿੱਤੀ ਜਾਵੇਗੀ ਜ਼ਮਾਨਤ: ਸਰਪੰਚ ਪੰਚਾਇਤ ਦਾ ਫੈਸਲਾ ਨਸ਼ੇ ਦੇ ਸੌਦਾਗਰਾਂ ਦੀ ਨਹੀਂ ਦਿੱਤੀ ਜਾਵੇਗੀ ਜ਼ਮਾਨਤ: ਸਰਪੰਚ
Publish Date: Thu, 17 Sep 2026 04:20 PM (IST)
Updated Date: Thu, 17 Sep 2026 04:23 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਵਿਚ ਨਸ਼ਿਆਂ ਦੇ ਵਧ ਰਹੇ ਜਾਲ ਦਰਮਿਆਨ ਮੋਰਿੰਡਾ ਬਲਾਕ ਦੇ ਪਿੰਡ ਅਮਰਾਲੀ ਤੋਂ ਇਕ ਉਤਸ਼ਾਹਜਨਕ ਫੈਸਲਾ ਸਾਹਮਣੇ ਆਇਆ ਹੈ। ਸਰਪੰਚ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਤੇ ਪਿੰਡ ਅਮਰਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਦੀ ਅਗਵਾਈ ਹੇਠ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਸਖ਼ਤੀ ਨਾਲ ਨਸ਼ਿਆਂ ਵਿਰੁੱਧ ਮਤਾ ਪਾਸ ਕੀਤਾ ਅਹੈ। ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿਚ ਨਸ਼ਿਆਂ ਦੀ ਭਰਮਾਰ ਹੈ। ਸਿਰਫ਼ ਨੌਜਵਾਨ ਅਤੇ ਬੱਚੇ ਹੀ ‘ਚਿੱਟੇ’ ਦੀ ਲਪੇਟ ਵਿਚ ਨਹੀਂ ਹਨ, ਸਗੋਂ ਕੁਝ ਲੋਕ ਵੀ ਨਸ਼ਾ ਵੇਚਣ ਦੇ ਧੰਦੇ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਨਸ਼ੇ ਦੀ ਵਿਕਰੀ ਨੂੰ ਰੋਕਣ ਲਈ ਹੁਣ ਸਖ਼ਤ ਕਦਮ ਚੁੱਕਣੇ ਜ਼ਰੂਰੀ ਹੋ ਗਏ ਹਨ। ਪੰਚਾਇਤ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਪਿੰਡ ਦਾ ਕੋਈ ਵੀ ਪੰਚ, ਸਰਪੰਚ, ਨੰਬਰਦਾਰ ਜਾਂ ਮੋਹਤਬਰ ਵਿਅਕਤੀ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ਵਿਚ ਕਾਬੂ ਕੀਤੇ ਕਿਸੇ ਵਿਅਕਤੀ ਦੀ ਥਾਣੇ ਜਾਂ ਅਦਾਲਤ ਵਿਚ ਜ਼ਮਾਨਤ ਨਹੀਂ ਕਰਵਾਏਗਾ। ਨਸ਼ਾ ਤਸਕਰਾਂ ਜਾਂ ਨਸ਼ੇੜੀਆਂ ਦੀ ਮਦਦ ਕਰਨ ਵਾਲਿਆਂ ਦਾ ਪਿੰਡ ਪੱਧਰ ’ਤੇ ਸਖ਼ਤ ਵਿਰੋਧ ਕਰਨ ਦੀ ਗੱਲ ਵੀ ਕਹੀ ਗਈ ਹੈ। ਜਾਣਕਾਰੀ ਅਨੁਸਾਰ ਇਹ ਮਤਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹਲਕਾ ਵਿਧਾਇਕ ਅਤੇ ਹਲਕਾ ਇੰਚਾਰਜ ਵੱਲੋਂ ਪਿੰਡ ਕਾਂਝਲਾ ਦੇ ਇੱਕ ਪੈਲੇਸ ਵਿਚ ਹੋਏ ਸਮਾਗਮ ਦੌਰਾਨ ਇਲਾਕੇ ’ਚੋਂ 70 ਤੋਂ 80 ਫ਼ੀਸਦੀ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ ਤੇ ਸ਼ਾਮਲ ਲੋਕਾਂ ਨੂੰ ਹਲਕੇ ਨੂੰ ਬਿਲਕੁਲ ਨਸ਼ਾ ਮੁਕਤ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਅਗਲੇ ਹੀ ਦਿਨ ਸਰਪੰਚ ਯੂਨੀਅਨ ਦੇ ਬਲਾਕ ਪ੍ਰਧਾਨ ਵੱਲੋਂ ਪਿੰਡ ਵਿਚ ਨਸ਼ੇ ਦੀ ਵਿਕਰੀ ਰੋਕਣ ਲਈ ਲੋਕਾਂ ਦੀ ਕਥਿਤ ਸ਼ਮੂਲੀਅਤ ਦਾ ਮੁੱਦਾ ਚੁੱਕਦਿਆਂ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਜਿਸ ਵਿਚ ਪਿੰਡ ਦੇ ਨੰਬਰਦਾਰ ਭਾਈਚਾਰੇ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਸਰਪੰਚ ਗੁਰਪ੍ਰੀਤ ਸਿੰਘ ਫੌਜੀ ਨੇ ਕਿਹਾ ਕਿ ਪਿੰਡ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣ ਲਈ ਇਹ ਸਖ਼ਤ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਸੀ।