ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਬਾਲ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਾਲ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Tue, 03 Nov 2026 04:44 PM (IST)
Updated Date: Tue, 03 Nov 2026 04:47 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਕੂਲ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਸਿੱਖਿਆ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਾਲ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਤਗਮੇ ਜਿੱਤ ਕੇ ਬਲਾਕ ਦਾ ਨਾਮ ਰੌਸ਼ਨ ਕੀਤਾ। ਜੇਤੂ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣ ਦਾ ਰਾਹ ਵੀ ਪੱਧਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਵਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਸਿੱਖਿਆ ਬਲਾਕ ਨੂਰਪੁਰ ਬੇਦੀ ਦੇ ਸੈਂਟਰ ਬਜਰੂੜ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਕਰਾਟੇ ’ਚ ਮਾਨਵੀ ਨੇ ਸੋਨ ਤਗਮਾ ਜਿੱਤਿਆ, ਜਦਕਿ ਮਹਿਕਦੀਪ ਕੌਰ ਤੇ ਸਾਂਵਰ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਅਥਲੈਟਿਕਸ ਦੇ 200 ਮੀਟਰ ਦੌੜ ਮੁਕਾਬਲੇ ’ਚ ਇੱਛਿਆ ਨੇ ਚਾਂਦੀ ਦਾ ਤਗਮਾ ਜਿੱਤਿਆ। ਜਿਮਨਾਸਟਿਕ ਦੇ ਲੜਕਿਆਂ ਤੇ ਲੜਕੀਆਂ ਦੋਵਾਂ ਵਰਗਾਂ ’ਚ ਬਲਾਕ ਦੀਆਂ ਟੀਮਾਂ ਨੇ ਸੋਨ ਤਗਮੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਕੁਸ਼ਤੀ ਦੇ 28 ਕਿਲੋਗ੍ਰਾਮ ਭਾਰ ਵਰਗ ’ਚ ਗੋਪੀ ਨੇ ਸੋਨ ਤਗਮਾ ਤੇ 32 ਕਿਲੋਗ੍ਰਾਮ ਭਾਰ ਵਰਗ ’ਚ ਅਰਵਿੰਦਰ ਲਾਲ ਨੇ ਕਾਂਸੀ ਦਾ ਤਗਮਾ ਜਿੱਤਿਆ। ਕਬੱਡੀ ਦੇ ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ ਦੋਵਾਂ ਮੁਕਾਬਲਿਆਂ ’ਚ ਲੜਕਿਆਂ ਦੀਆਂ ਟੀਮਾਂ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ, ਜਦਕਿ ਖੋ-ਖੋ ਦੇ ਲੜਕੀਆਂ ਦੇ ਮੁਕਾਬਲੇ ’ਚ ਵੀ ਬਲਾਕ ਦੀ ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਾਪਤੀ ਕੀਤੀ। ਬੀਪੀਈਓ ਦਵਿੰਦਰਪਾਲ ਸਿੰਘ ਬੇਦੀ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਗਾਈਡ ਅਧਿਆਪਕਾਂ ਤੇ ਸਮੁੱਚੀ ਅਧਿਆਪਕ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਅਧਿਆਪਕਾਂ ਦੀ ਮਿਹਨਤ, ਖਿਡਾਰੀਆਂ ਦੇ ਲਗਨ ਤੇ ਨਿਰੰਤਰ ਅਭਿਆਸ ਦਾ ਨਤੀਜਾ ਹਨ। ਇਸ ਮੌਕੇ ਸੈਂਟਰ ਹੈੱਡ ਟੀਚਰਾਂ ਦੀ ਟੀਮ ਵਿੱਚੋਂ ਗੁਰਦੀਪ ਸਿੰਘ ਖਾਬੜਾ, ਗੁਰਚਰਨ ਸਿੰਘ ਆਲੋਵਾਲ, ਰਾਜਵਿੰਦਰ ਕੌਰ, ਅਰੁਣਦੀਪ ਕੌਰ ਤੇ ਗੁਰਪ੍ਰੀਤ ਸਿੰਘ ਕੈਂਬੋ ਤੋਂ ਇਲਾਵਾ ਦਲੀਪ ਸਿੰਘ ਭੂਰੜੇ, ਜਗਵਰਿੰਦਰ ਸਿੰਘ, ਦਲਜੀਤ ਸਿੰਘ, ਰਾਜਿੰਦਰਪਾਲ ਬੈਂਸ, ਕੁਲਵੰਤ ਸਿੰਘ, ਬਿਕਰਮ ਸਿੰਘ, ਗੁਰਚਰਨ ਚੌਹਾਨ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਖੇੜੀ, ਲਵਪ੍ਰੀਤ ਸਿੰਘ, ਅੰਕੁਸ਼ ਕੁਮਾਰ, ਦੁਪਿੰਦਰਜੀਤ ਕੌਰ, ਮਨਜੀਤ ਕੌਰ, ਮਮਤਾ, ਗੁਰਿੰਦਰ ਕੌਰ ਤੇ ਨਰਿੰਦਰ ਕੌਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।