ਬੇਲਾ ਕਾਲਜ ਦਾ ਖੇਤਰੀ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਬੇਲਾ ਕਾਲਜ ਦਾ ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ
Publish Date: Tue, 27 Oct 2026 03:47 PM (IST)
Updated Date: Tue, 27 Oct 2026 03:49 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਇੱਕ ਵਾਰ ਫ਼ਿਰ ਸੱਭਿਅਕ ਗਤੀਵਿਧੀਆਂ ’ਚ ਆਪਣੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਖੇਤਰੀ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ ਫ਼ਤਿਹਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ-ਮੇਲੇ ’ਚ ਬੇਲਾ ਕਾਲਜ ਨੇ ਵੱਖੋਂ-ਵੱਖਰੀਆਂ ਵੰਨਗੀਆਂ ’ਚ ਭਾਗ ਲਿਆ। ਥੀਏਟਰ ਦੀ ਵੰਨਗੀ ’ਚ ਆਪਣੀ ਚੜ੍ਹਤ ਨੂੰ ਕਾਇਮ ਰੱਖਦਿਆ ਸੰਸਥਾ ਨੇ ਚਾਰ ਉੱਪ- ਵੰਨਗੀਆਂ ਭੰਡ, ਨਾਟਕ, ਨੁੱਕੜ ਨਾਟਕ, ਸਕਿੱਟ ਅਤੇ ਲਘੂ-ਫਿਲਮ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਨਾਂ ਮੁਕਾਬਲਿਆਂ ’ਚ ਕੁਲ 66 ਕਾਲਜਾਂ ਨੇ ਹਿੱਸਾ ਲਿਆ ਅਤੇ ਫ਼ਸਵੇ ਮੁਕਾਬਲਿਆਂ ’ਚ ਬੇਲਾ ਕਾਲਜ ਆਪਣੀ ਨੌਜਵਾਨ ਪ੍ਰਤਿਭਾ ਦਾ ਲੋਹਾ ਮਨਵਾਉਣ ’ਚ ਸਫ਼ਲ ਰਿਹਾ। ਇਸ ਦੇ ਨਾਲ ਹੀ ਵਾਦ-ਵਿਵਾਦ ਦੀ ਵੰਨਗੀ ’ਚ ਦੂਜਾ ਸਥਾਨ, ਕਵਿਤਾ ਉਚਾਰਨ ਮੁਕਾਬਲੇ, ਅਤੇ ਮੁਹਾਵਰੇਦਾਰ ਵਾਰਤਾਲਾਪ ’ਚ ਤੀਜਾ ਸਥਾਨ, ਮਿੱਮਕਰੀ, ਕੋਰੀਓਗ੍ਰਾਫ਼ੀ, ਜਰਨਲ ਕੁਇੱਜ਼ ਤੇ ਸੱਭਿਆਚਾਰਕ ਕੁਇੱਜ਼ ਚੌਥੇ ਸਥਾਨ ਤੇ ਰਹੇ। ਕਾਲਜ ਪ੍ਰਿੰਸੀਪਲ ਡਾ .ਸਤਵੰਤ ਕੌਰ ਸ਼ਾਹੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਤਰੀ ਯੁਵਕ ਮੇਲੇ ਕਲਾ ਨੂੰ ਤਰਾਸ਼ਣ ਦਾ ਵੱਡਾ ਪਲੇਟਫਾਰਮ ਹਨ ਤੇ ਬੇਲਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਇਹ ਮੌਕਾ ਦੇਣ ’ਚ ਹਰ ਵਰ੍ਹੇ ਪੂਰੀ ਸੰਜੀਦਗੀ ਨਾਲ ਕਾਰਜ ਕਰਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਗੀਆਂ ਨੇ ਇਨਾਂ ਪ੍ਰਾਪਤੀਆਂ ’ਤੇ ਯੂਥ ਫੈਸਟੀਵਲ ਕੋਆਰਡੀਨੇਟਰ ਪ੍ਰੋ. ਸੁਨੀਤਾ ਰਾਣੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਸਮੂਹ ਪ੍ਰਤੀਭਾਗੀਆਂ, ਕੋਚ ਸਾਹਿਬਾਨ, ਟੀਮ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਿਹਰੇ ਭੱਵਿਖ ਦੀ ਕਾਮਨਾ ਕੀਤੀ। ਉਨ੍ਹਾਂ ਅਗਾਂਹ ਹੋਣ ਵਾਲੇ ਅੰਤਰ-ਖੇਤਰੀ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਕਰੜੀ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ, ਡਾ.ਹਰਪ੍ਰੀਤ ਸਿੰਘ ਭਿਓਰਾ, ਡਾ.ਅਣਖ ਸਿੰਘ, ਲੈਫ਼ ਪ੍ਰਿਤਪਾਲ ਸਿੰਘ ਅਤੇ ਸਮੱੁਚਾ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।