ਸੜਕ ਦੇ ਨੀਂਹ ਪੱਥਰ ਨੂੰ ਤੋੜਨ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਵਿਰੋਧੀ ਨੀਂਹ ਪੱਥਰ ਤੋੜ ਸਕਦੇ ਹਨ, ਪਰ ਵਿਕਾਸ ਕਾਰਜਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਰੋਕ ਸਕਦੇ : ਸਤਨਾਮ ਸਿੰਘ ਨਾਗਰਾ
Publish Date: Thu, 16 Jul 2026 05:50 PM (IST)
Updated Date: Thu, 16 Jul 2026 05:52 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਬੁੰਗਾ ਮੁੱਖ ਮਾਰਗ ਤੋਂ ਪਿੰਡ ਮੂਸਾਪੁਰ, ਸਸਕੌਰ ਅਤੇ ਬੜਵਾ ਤੱਕ ਬਣ ਰਹੀ ਸੜਕ ਦੇ ਨੀਂਹ ਪੱਥਰ ਨਾਲ ਕੀਤੀ ਗਈ ਭੰਨਤੋੜ ਦੀ ਘਟਨਾ ਤੋਂ ਬਾਅਦ ਇਲਾਕੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਨੇ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅਤੇ ਵਿਰੋਧੀ ਧਿਰ ਦੇ ਲੋਕ ਵਿਕਾਸ ਕਾਰਜਾਂ ਤੋਂ ਬੌਖਲਾ ਕੇ ਜਨਹਿੱਤ ਦੇ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨੂਰਪੁਰਬੇਦੀ ਬੁੰਗਾ ਸਾਹਿਬ ਮੁੱਖ ਮਾਰਗ ਤੋਂ ਮੂਸਾਪੁਰ, ਸਸਕੌਰ ਅਤੇ ਬੜਵਾ ਤੱਕ ਦਾ ਰਸਤਾ ਲੰਬੇ ਸਮੇਂ ਤੋਂ ਕੱਚਾ ਸੀ ਅਤੇ ਇਸ ਨੂੰ ਪੱਕਾ ਕਰਨ ਦੀ ਮੰਗ ਪਿੰਡ ਵਾਸੀਆਂ ਵੱਲੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਸੀ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕਾਂ ਦੀ ਇਸ ਮੰਗ ਨੂੰ ਮਨਜ਼ੂਰ ਕਰਵਾਉਂਦਿਆਂ ਲਗਭਗ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ। ਕੁਝ ਦਿਨ ਪਹਿਲਾਂ ਇਸ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਗਿਆ ਸੀ। ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਵਿਰੋਧੀ ਨੀਂਹ ਪੱਥਰ ਤੋੜ ਸਕਦੇ ਹਨ, ਪਰ ਵਿਕਾਸ ਦੀ ਨੀਂਹ ਨਹੀਂ ਹਿਲਾ ਸਕਦੇ। ਜਿਨ੍ਹਾਂ ਕੋਲ ਲੋਕਾਂ ਸਾਹਮਣੇ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ, ਉਹ ਹੁਣ ਸਿਆਸੀ ਹਤਾਸ਼ਾ ਵਿੱਚ ਜਨਹਿੱਤ ਦੇ ਕੰਮਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹੀਆਂ ਹਰਕਤਾਂ ਨਾਲ ਨਾ ਲੋਕਾਂ ਦਾ ਭਰੋਸਾ ਟੁੱਟੇਗਾ ਅਤੇ ਨਾ ਹੀ ਵਿਕਾਸ ਦੀ ਰਫ਼ਤਾਰ ਰੁਕੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਕਾਸ ਕਾਰਜਾਂ ਦਾ ਵਿਰੋਧ ਕਰਨ ਵਾਲੇ ਲੋਕ ਅਸਲ ਵਿੱਚ ਇਲਾਕੇ ਦੀ ਤਰੱਕੀ ਤੋਂ ਘਬਰਾਏ ਹੋਏ ਹਨ। ਲੋਕਾਂ ਦੀਆਂ ਸਾਲਾਂ ਪੁਰਾਣੀਆਂ ਮੰਗਾਂ ਨੂੰ ਪੂਰਾ ਹੁੰਦਾ ਦੇਖ ਕੇ ਵਿਰੋਧੀ ਬੇਚੈਨ ਹੋ ਗਏ ਹਨ ਅਤੇ ਹੁਣ ਵਿਕਾਸ ਨੂੰ ਰੋਕਣ ਦੀ ਬਜਾਏ ਨੀਂਹ ਪੱਥਰ ਤੋੜਨ ਵਰਗੀਆਂ ਘਟੀਆ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅਜਿਹੀ ਨਕਾਰਾਤਮਕ ਰਾਜਨੀਤੀ ਦਾ ਮੂੰਹਤੋੜ ਜਵਾਬ ਦੇਣਗੇ। ਇਸ ਮੌਕੇ ਪਿੰਡ ਮੂਸਾਪੁਰ ਦੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਨਰਿੰਦਰ ਸਿੰਘ ਨਿੰਦੀ ਨੇ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਦੀ ਸਾਲਾਂ ਪੁਰਾਣੀ ਮੰਗ ਪੂਰੀ ਕਰਕੇ ਵੱਡੀ ਸੌਗਾਤ ਦਿੱਤੀ ਹੈ, ਜਿਸ ਦਾ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਨੀਂਹ ਪੱਥਰ ਨਾਲ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਨੂਰਪੁਰਬੇਦੀ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਧਾਇਕ ਦਿਨੇਸ਼ ਚੱਢਾ ਦਾ ਨੀਂਹ ਪੱਥਰ ਮੁੜ ਸਥਾਪਿਤ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਵਿਕਾਸ ਦੇ ਕੰਮ ਕਿਸੇ ਵੀ ਹਾਲਤ ਵਿੱਚ ਨਹੀਂ ਰੁਕਣ ਦਿੱਤੇ ਜਾਣਗੇ ਅਤੇ ਜਨਹਿੱਤ ਦੇ ਸਾਰੇ ਪ੍ਰੋਜੈਕਟ ਪਹਿਲਾਂ ਵਾਂਗ ਜਾਰੀ ਰਹਿਣਗੇ।