ਪਿੰਡ ਦੀ ਸ਼ਾਮਾਲਾਤ ਜ਼ਮੀਨ ਨੂੰ ਲੈ ਕੇ ਢਿੱਲੋਂ ਨੇ ਹਲਕਾ ਵਿਧਾਇਕ ਨੂੰ ਦਿੱਤੀ ਖੁੱਲੀ ਚੁਣੌਤੀ ਪਿੰਡ ਦੀ ਸ਼ਾਮਾਲਾਤ ਜ਼ਮੀਨ ਨੂੰ ਲੈ ਕੇ ਢਿੱਲੋਂ ਨੂੰ ਹਲਕਾ ਵਿਧਾਇਕ ਨੂੰ ਦਿੱਤੀ ਖੁੱਲੀ ਚੁਣੌਤੀ
Publish Date: Sat, 22 Aug 2026 06:47 PM (IST)
Updated Date: Sat, 22 Aug 2026 06:48 PM (IST)
ਵਿਧਾਇਕ ਨੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਹੀਂ ਕੀਤੀ : ਢਿੱਲੋਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਯੂਥ ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਹਲਕਾ ਇੰਚਾਰਜ ਰੂਪਨਗਰ ਬਰਿੰਦਰ ਸਿੰਘ ਢਿੱਲੋਂ ਨੇ ਪਿਛਲੇ ਦਿਨੀਂ ਆਪ ਦੇ ਵਿਧਾਇਕ ਦਿਨੇਸ ਚੱਢਾ ਵੰਲੋਂ ਪਿੰਡ ਫੂਲ ਦੀ ਸ਼ਾਮਲਾਤ ਜ਼ਮੀਨ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਤੇ ਲਗਾਏ ਜਾ ਰਹੇ ਅਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਾਮਲਾਤ ਜਮ਼ੀਨ ’ਤੇ ਉਨ੍ਹਾਂ ਜਾਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਨਾਮ ਬੋਲਦਾ ਹੈ ਤਾਂ ਵਿਧਾਇਕ ਨੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਹਾ ਕਿ ਵਿਰੋਧੀਆਂ ਕੋਲ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦਾ ਕੋਈ ਮੁੱਦਾ ਨਹੀਂ ਹੈ, ਇਸੇ ਲਈ ਉਹ ਆਪਣਾ ਸਿਆਸੀ ਵਜੂਦ ਬਚਾਉਣ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਵਿਰੁੱਧ ਇੱਕ ਵੀ ਦੋਸ਼ ਨਹੀਂ ਹੈ ਤੇ ਇਹ ਸਿਰਫ਼ ਸਿਆਸੀ ਲਾਹਾ ਲੈਣ ਲਈ ਵਿਰੋਧੀ ਧਿਰ ਵੱਲੋਂ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੇਕਰ ਸੱਚਮੁੱਚ ਕੋਈ ਨਾਜਾਇਜ਼ ਕਬਜ਼ਾ ਹੈ, ਤਾਂ ਅਖ਼ਬਾਰਾਂ ’ਚ ਭਾਸ਼ਣ ਦੇਣ ਦੀ ਬਜਾਏ ਉਨ੍ਹਾਂ ਦੇ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਵਿਧਾਇਕ ਜ਼ਮੀਨ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਤੋਂ ਸੂਬੇ ਵਿਚ ਆਪ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਮਾਲ ਵਿਭਾਗ ਸਮੇਤ ਪੂਰਾ ਪ੍ਰਸ਼ਾਸਨ ਉਨ੍ਹਾਂ ਦੇ ਅਧੀਨ ਹੈ ਅਤੇ ਦਿਨੇਸ਼ ਚੱਢਾ ਖੁਦ ਇਲਾਕੇ ਦੇ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਵਿਕਾਸ ਠੱਪ ਹੈ, ਨਾਜਾਇਜ਼ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਝੂਠੀ ਕਹਾਣੀ ਘੜੀ ਗਈ ਹੈ। 1996 ਦਾ ਮਾਮਲਾ ਸੁਪਰੀਮ ਕੋਰਟ ਵਿਚ ਵੀ ਹੋ ਚੁੱਕਾ ਹੈ ਰੱਦ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਵਿਚ ਖੁਦ ਆਪ ਸਰਕਾਰ ਦੇ ਮੰਤਰੀ ਮੰਨ ਚੁੱਕੇ ਹਨ ਕਿ ਇਹ ਮਾਮਲਾ 1996 ਦਾ ਹੈ। ਇਹ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੱਕ ਵਿਚ ਰੱਦ ਹੋ ਚੁੱਕਾ ਹੈ ਅਤੇ ਇਸਦੀ ਰਿਵਿਊ ਪਟੀਸ਼ਨ ਵੀ ਖਾਰਜ ਹੋ ਚੁੱਕੀ ਹੈ। ਅਦਾਲਤਾਂ ਵੱਲੋਂ ਨਿਪਟਾਏ ਮਾਮਲੇ ਨੂੰ ਮੁੜ ਉਛਾਲਣਾ ਸਿਰਫ਼ ਸਿਆਸੀ ਕਿੜਾ ਕੱਢਣਾ ਹੀ ਹੈ। 100 ਪਰਿਵਾਰਾਂ ਨੂੰ ਕੀਤਾ ਜਾ ਰਿਹਾ ਹੈ ਪਰੇਸ਼ਾਨ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਕਿਸੇ ਵੀ ਰਿਸ਼ਤੇਦਾਰ ਦੇ ਨਾਂ ’ਤੇ ਇੱਕ ਇੰਚ ਵੀ ਨਾਜਾਇਜ਼ ਜ਼ਮੀਨ ਸਾਬਤ ਹੋ ਜਾਵੇ, ਤਾਂ ਉਹ ਖੁਦ ਪਿੰਡ ਜਾ ਕੇ ਉਹ ਜ਼ਮੀਨ ਪਿੰਡ ਵਾਸੀਆਂ ਨੂੰ ਸੌਂਪ ਦੇਣਗੇ। ਇਸ ਦੌਰਾਨ ਉਨ੍ਹਾਂ ਅਰੋਪ ਲਗਾਏ ਗਏ ਕਿ ਏਡੀਸੀ ਵੱਲੋਂ ਪਿੰਡ ਦੇ ਕਰੀਬ 100 ਉਨ੍ਹਾਂ ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਜ਼ਮੀਨ ਦੀਆਂ ਪੱਕੀਆਂ ਰਜਿਸਟਰੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਅਰੋਪ ਝੂਠੇ ਸਾਬਤ ਹੋਣਗੇ, ਤਾਂ ਕੀ ਵਿਧਾਇਕ ਦਿਨੇਸ਼ ਚੱਢਾ ਉਨ੍ਹਾਂ 100 ਪਰਿਵਾਰਾਂ ਤੋਂ ਖੁੱਲ੍ਹੇਆਮ ਜਨਤਕ ਮੁਆਫ਼ੀ ਮੰਗਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਸਸਤੀਆਂ ਚਾਲਾਂ ਨਾਲ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਇਲਾਕੇ ਦੇ ਲੋਕਾਂ ਨਾਲ ਹੋ ਰਹੇ ਧੱਕੇ ਖਿਲਾਫ ਡਟ ਕੇ ਖੜੇ ਰਹਿਣਗੇ।