ਸੀਤਾ ਸਵਵੰਭਰ, ਪਰਸ਼ੂਰਾਮ ਸੰਵਾਦ ਤੇ ਕੋਪ ਭਵਨ ਦੇ ਦ੍ਰਿਸ਼ਾਂ ਨੇ ਬੰਨ੍ਹਿਆ ਸਮਾਂ ਰਾਮਲੀਲਾ ਦੇ ਚੌਥੇ ਦਿਨ ਸੀਤਾ ਸਵਵੰਭਰ, ਪਰਸ਼ੂਰਾਮ ਸੰਵਾਦ ਅਤੇ ਕੋਪ ਭਵਨ ਦੇ ਦ੍ਰਿਸ਼ਾਂ ਨੇ ਬੰਨ੍ਹਿਆ ਸਮਾਂ
Publish Date: Wed, 14 Oct 2026 04:26 PM (IST)
Updated Date: Wed, 14 Oct 2026 04:27 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ੍ਰੀ ਹਨੂੰਮਾਨ ਮੰਦਰ ਮਹਾਵੀਰ ਦਲ ਰੂਪਨਗਰ ਵੱਲੋਂ ਸਥਾਨਕ ਮਕਬਰਾ ਗ੍ਰਾਊਂਡ ਵਿਖੇ ਕਰਵਾਈ ਜਾ ਰਹੀ ਸਾਲਾਨਾ ਰਾਮਲੀਲਾ ਦੇ ਚੌਥੇ ਦਿਨ ਧਾਰਮਿਕ ਅਤੇ ਸੱਭਿਆਚਾਰਕ ਦ੍ਰਿਸ਼ਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਭਾਵਪੂਰਤ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ’ਚ ਕਮਲ ਚੌਹਾਨ, ਨਵਪ੍ਰੀਤ ਸ਼ਰਮਾ, ਡਾ. ਰਾਜੀਵ ਅਗਰਵਾਲ ਅਤੇ ਅਸ਼ਵਨੀ ਸ਼ਰਮਾ (ਸ਼ਿਵ ਸੈਨਾ ਉਧਵ ਠਾਕਰੇ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਮਲੀਲਾ ਕਮੇਟੀ ਅਤੇ ਮਹਾਵੀਰ ਦਲ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਨੇ ਰਾਮਲੀਲਾ ਕਮੇਟੀ ਦੇ ਇਸ ਧਾਰਮਿਕ ਆਯੋਜਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰਾਮਲੀਲਾ ਵਰਗੇ ਪਵਿੱਤਰ ਆਯੋਜਨ ਸਮਾਜ ’ਚ ਸਨਾਤਨ ਧਰਮ ਦੇ ਸੰਸਕਾਰਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਇਸ ਤੋਂ ਬਾਅਦ ਮੰਚ ਉੱਤੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਲੀਲਾ ਦੇ ਚੌਥੇ ਦਿਨ ਧਨੁਸ਼ ਤੋੜ ਕੇ ਸੀਤਾ ਸਵਵੰਭਰ, ਕ੍ਰੋਧਿਤ ਮਹਿਰਸ਼ੀ ਪਰਸ਼ੂਰਾਮ ਅਤੇ ਸ੍ਰੀ ਲਛਮਣ ਜੀ ਵਿਚਕਾਰ ਓਜਸਵੀ ਪਰਸ਼ੂਰਾਮ ਸੰਵਾਦ, ਰਾਜਾ ਦਸ਼ਰਥ ਦਰਬਾਰ, ਅਯੁੱਧਿਆ ’ਚ ਸ੍ਰੀ ਰਾਮ ਦੇ ਰਾਜਤਿਲਕ ਦੀ ਮੁਨਾਦੀ (ਘੋਸ਼ਣਾ) ਅਤੇ ਮਾਤਾ ਕੈਕੇਈ ਦੇ ਕੋਪ ਭਵਨ ’ਚ ਪ੍ਰਵੇਸ਼ ਕਰਨ ਦੇ ਦ੍ਰਿਸ਼ਾਂ ਦਾ ਸਜੀਵ ਮੰਚਨ ਕੀਤਾ ਗਿਆ। ਭਗਵਾਨ ਸ੍ਰੀ ਰਾਮ ਵੱਲੋਂ ਸ਼ਿਵ ਧਨੁਸ਼ ਦੀ ਪ੍ਰਤਿਅੰਚਾ ਚੜ੍ਹਾਉਂਦੇ ਹੀ ਟੁੱਟਣ ਅਤੇ ਉਸ ਤੋਂ ਬਾਅਦ ਪਰਸ਼ੂਰਾਮ-ਲਛਮਣ ਸੰਵਾਦ ਦੇ ਦ੍ਰਿਸ਼ਾਂ ਦੌਰਾਨ ਪੂਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਅਤੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਸਾਰੇ ਦ੍ਰਿਸ਼ ਚੀਫ਼ ਡਾਇਰੈਕਟਰ ਰਾਕੇਸ਼ ਵਸ਼ਿਸ਼ਠ ਅਤੇ ਡਾਇਰੈਕਟਰ ਰਾਕੇਸ਼ ਸਹਿਗਲ ਦੀ ਅਣਥੱਕ ਮਿਹਨਤ ਨਾਲ ਤਿਆਰ ਕਰਵਾਏ ਗਏ ਸਨ, ਜਿਨ੍ਹਾਂ ਦੀ ਹਾਜ਼ਰ ਸੰਗਤ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਯੋਗੇਸ਼ ਗੁਪਤਾ ਅਤੇ ਮਹਾਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ ਨੇ ਪੁੱਜੇ ਹੋਏ ਸਾਰੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਮਹਾਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਧਰਮ, ਤਿਆਗ ਅਤੇ ਕਰਤੱਵ ਪਾਲਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਅਮੀਰ ਸੱਭਿਆਚਾਰ ਅਤੇ ਉੱਚ ਨੈਤਿਕ ਸੰਸਕਾਰਾਂ ਨਾਲ ਜੋੜਨ ਲਈ ਰੋਜ਼ਾਨਾ ਪਰਿਵਾਰ ਰਾਮਲੀਲਾ ਦੇਖਣ ਜ਼ਰੂਰ ਪਹੁੰਚਣ।