6 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਨੌਜਵਾਨ ਕਾਬੂ
ਨੂਰਪੁਰਬੇਦੀ ਪੁਲਿਸ ਵਲੋਂ 6 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਨੌਜਵਾਨ ਕਾਬੂ
Publish Date: Sat, 14 Feb 2026 04:30 PM (IST)
Updated Date: Sat, 14 Feb 2026 04:33 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਦੂਜੇ ਗੇੜ ਤਹਿਤ ਨੂਰਪੁਰਬੇਦੀ ਪੁਲਿਸ ਟੀਮ ਨੇ ਵੱਡੀ ਕਾਰਵਾਈ ਕਰਦਿਆਂ 6 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁੱਖੀ ਰੂਪਨਗਰ ਮਨਿੰਦਰ ਸਿੰਘ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਗੁਰਦੀਪ ਸਿੰਘ ਗੋਂਸਲ ਅਤੇ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਥਾਣਾ ਮੁੱਖੀ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਹੈਡ ਕਾਂਸਟੇਬਲ ਗੋਰਵ ਕੁਮਾਰ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਲੱਖਦਾਤਾ ਮੰਦਿਰ, ਰਕਬਾ ਪਿੰਡ ਆਜਮਪੁਰ ਨੇੜੇ ਕਰੀਬ 9:50 ਵਜੇ ਰਾਤ ਨੂੰ ਪਹੁੰਚੀ ਤਾਂ ਪਿੰਡ ਕਾਂਗੜ ਸਾਈਡ ਤੋਂ ਆ ਰਿਹਾ ਇੱਕ ਨੌਜਵਾਨ ਪੁਲਿਸ ਵਾਹਨ ਨੂੰ ਦੇਖ ਘਬਰਾ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸ ਨੇ ਆਪਣੀ ਲੋਅਰ ਦੀ ਸੱਜੀ ਜੇਬ ਵਿਚੋਂ ਇੱਕ ਮੌਮੀ ਪਲਾਸਟਿਕ ਦਾ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਸੰਦੀਪ ਕੁਮਾਰ ਉਰਫ਼ ਸੰਜੂ ਪੁੱਤਰ ਜੀਤ ਰਾਮ ਵਾਸੀ ਪਿੰਡ ਬਰਾਰੀ, ਥਾਣਾ ਨੂਰਪੁਰਬੇਦੀ, ਜ਼ਿਲ੍ਹਾ ਰੂਪਨਗਰ ਵਜੋਂ ਦੱਸੀ। ਪੁਲਿਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਕਰਨ ’ਤੇ ਉਸ ਵਿਚੋਂ 6 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।