ਐੱਨਐੱਸਐੱਸ. ਵਲੰਟੀਅਰਾਂ ਨੇ ਕੌਮੀ ਪੱਧਰ ’ਤੇ ਚਮਕਾਇਆ ਕਾਲਜ ਦਾ ਨਾਮ ਸਰਕਾਰੀ ਕਾਲਜ ਰੂਪਨਗਰ ਦੀਆਂ ਐੱਨਐੱਸਐੱਸ. ਵਲੰਟੀਅਰਾਂ ਨੇ ਕੌਮੀ ਪੱਧਰ ’ਤੇ ਚਮਕਾਇਆ ਕਾਲਜ ਦਾ ਨਾਮ
Publish Date: Mon, 02 Nov 2026 03:56 PM (IST)
Updated Date: Mon, 02 Nov 2026 03:59 PM (IST)
ਨੈਨਾ ਨੇ ਮਟਕੀ ਸਜਾਉਣ ਮੁਕਾਬਲੇ ’ਚ ਹਾਸਲ ਕੀਤਾ ਦੂਜਾ ਸਥਾਨ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਰਕਾਰੀ ਕਾਲਜ ਰੂਪਨਗਰ ਦੀਆਂ ਐੱਨਐੱਸਐੱਸ. ਵਲੰਟੀਅਰਾਂ ਅਮਨਪ੍ਰੀਤ ਕੌਰ ਤੇ ਨੈਨਾ ਨੇ ਕੌਮੀ ਪੱਧਰ ’ਤੇ ਕਾਲਜ ਦਾ ਨਾਮ ਰੌਸ਼ਨ ਕਰਦਿਆਂ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਨ੍ਹਾਂ ਪ੍ਰਾਪਤੀਆਂ ਲਈ ਕਾਲਜ ਦੀ ਪ੍ਰਿੰਸੀਪਲ ਪ੍ਰੋ. ਗੁਨਜੀਤ ਕੌਰ ਵੱਲੋਂ ਦੋਵਾਂ ਵਲੰਟੀਅਰਾਂ ਨੂੰ ਵਧਾਈ ਦਿੱਤੀ ਗਈ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੀਜਨਲ ਡਾਇਰੈਕਟਰ ਐੱਨਐੱਸਐੱਸ., ਦਿੱਲੀ ਵੱਲੋਂ ਆਯੋਜਿਤ ਨੌਰਥ ਜ਼ੋਨ ਐੱਨਐੱਸਐੱਸ. ਪ੍ਰੀ-ਰਿਪਬਲਿਕ ਡੇ ਕੈਂਪ-2026 ਵਿੱਚ ਕਾਲਜ ਦੀ ਵਲੰਟੀਅਰ ਅਮਨਪ੍ਰੀਤ ਕੌਰ ਨੇ ਭਾਗ ਲਿਆ। ਇਸ ਦੇ ਨਾਲ ਹੀ ਰਾਸ਼ਟਰੀ ਏਕਤਾ ਕੈਂਪ ਵਿਚ ਸ਼ਮੂਲੀਅਤ ਕਰਨ ਵਾਲੀ ਵਲੰਟੀਅਰ ਨੈਨਾ ਨੂੰ ਵੀ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਪ੍ਰਿੰਸੀਪਲ ਪ੍ਰੋ. ਗੁਨਜੀਤ ਕੌਰ ਨੇ ਦੱਸਿਆ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਐੱਨਐੱਸਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਗਜੀਤ ਸਿੰਘ ਨੇ ਪ੍ਰੀ-ਰਿਪਬਲਿਕ ਡੇ ਕੈਂਪ ਦੌਰਾਨ ਪੰਜਾਬ ਦੀ ਟੁਕੜੀ ਦੀ ਅਗਵਾਈ ਕੀਤੀ। ਇਸ ਸਬੰਧੀ ਪ੍ਰੋ. ਜਗਜੀਤ ਸਿੰਘ ਨੇ ਦੱਸਿਆ ਕਿ ਨੌਰਥ ਜ਼ੋਨ ਪ੍ਰੀ-ਰਿਪਬਲਿਕ ਡੇ ਕੈਂਪ ਲਈ ਵਲੰਟੀਅਰਾਂ ਦੀ ਚੋਣ ਰਾਜ ਪੱਧਰ ’ਤੇ ਕਰਵਾਏ ਜਾਂਦੇ ਟਰਾਇਲਾਂ ਵਿਚ ਸਫ਼ਲ ਹੋਣ ਉਪਰੰਤ ਕੀਤੀ ਜਾਂਦੀ ਹੈ। ਇਸ ਕੈਂਪ ਵਿੱਚੋਂ ਚੁਣੇ ਗਏ ਵਲੰਟੀਅਰਾਂ ਨੂੰ ਹੀ ਗਣਤੰਤਰ ਦਿਵਸ ਕੈਂਪ ਵਿਚ ਐੱਨਐੱਸਐੱਸ. ਦੀ ਟੁਕੜੀ ਵਜੋਂ ਭਾਗ ਲੈਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਲੰਟੀਅਰਾਂ ਨੇ ਪਰੇਡ, ਸੱਭਿਆਚਾਰਕ ਗਤੀਵਿਧੀਆਂ, ਖੇਡਾਂ ਤੇ ਲੈਕਚਰ ਸੈਸ਼ਨਾਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਵਿਚ ਕੁੱਲ 200 ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਨੇੜਿਓਂ ਜਾਣਨ ਦਾ ਮੌਕਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰੋ. ਚੰਦਰਗੁਪਤ ਨੇ ਦੱਸਿਆ ਕਿ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ (ਹਰਿਆਣਾ) ਵਿਖੇ ਆਯੋਜਿਤ ਰਾਸ਼ਟਰੀ ਏਕਤਾ ਕੈਂਪ ਦੌਰਾਨ ਵੱਖ-ਵੱਖ ਮੁਕਾਬਲੇ ਤੇ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚੋਂ ਮਟਕੀ ਸਜਾਉਣ ਦੇ ਮੁਕਾਬਲੇ ਵਿਚ ਕਾਲਜ ਦੀ ਵਲੰਟੀਅਰ ਨੈਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਪ੍ਰਾਪਤੀਆਂ ਵਿਚ ਕਾਲਜ ਦੇ ਸਮੂਹ ਐੱਨਐੱਸਐੱਸ. ਪ੍ਰੋਗਰਾਮ ਅਫ਼ਸਰਾਂ ਪ੍ਰੋ. ਕੁਲਦੀਪ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਮਨਦੀਪ ਕੌਰ ਤੇ ਪ੍ਰੋ. ਮਨਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ, ਬਰਸਰ ਡਾ. ਦਲਵਿੰਦਰ ਸਿੰਘ, ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਤੇ ਸਮੂਹ ਸਟਾਫ਼ ਵੱਲੋਂ ਦੋਵਾਂ ਵਲੰਟੀਅਰਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਗਈ।