ਨਾਵਲਕਾਰ ਜਸਬੀਰ ਮੰਡ ਹੋਏ ਵਿਦਿਆਰਥੀਆਂ ਦੇ ਰੂਬਰੂ ਬੀਐੱਸਕੇ ਖਾਲਸਾ ਕਾਲਜ ਵਿਖੇ ਨਾਵਲਕਾਰ ਜਸਬੀਰ ਮੰਡ ਹੋਏ ਵਿਦਿਆਰਥੀਆਂ ਦੇ ਰੂ-ਬ-ਰੂ
Publish Date: Tue, 25 Aug 2026 03:20 PM (IST)
Updated Date: Tue, 25 Aug 2026 03:21 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਰਵਾਏ ਦੌਰਾਨ ਪ੍ਰਸਿੱਧ ਪੰਜਾਬੀ ਨਾਵਲਕਾਰ ਜਸਬੀਰ ਮੰਡ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਜੀਤ ਸਿੰਘ ਵੱਲੋਂ ਲੇਖਕ ਦਾ ਸਵਾਗਤ ਕੀਤਾ। ਇਸ ਮੌਕੇ ਵਿਭਾਗ ਮੁਖੀ ਪ੍ਰੋ.ਜਗਰੂਪ ਸਿੰਘ ਨੇ ਜਸਵੀਰ ਮੰਡ ਦੇ ਜੀਵਨ ਅਤੇ ਸਾਹਿਤਕ ਸਫ਼ਰ ’ਤੇ ਪੰਛੀ ਝਾਤ ਪਾਉਂਦਿਆਂ ਦੱਸਿਆ ਕਿ ਲੇਖਕ ਦੇ ਪ੍ਰਸਿੱਧ ਨਾਵਲ ਔੜ ਦੇ ਬੀਜ, ਆਖਰੀ ਪਿੰਡ ਦੀ ਕਥਾ, ਖਾਜ, ਬੋਲ ਮਰਦਾਨਿਆ, ਆਖਰੀ ਬਾਬੇ, ਚੁਰਾਸੀ ਲੱਖ ਯਾਦਾਂ, ਪੰਜਾਬ ਦੇ ਵੱਖੋ- ਵੱਖਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਪੜ੍ਹਾਏ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਲੇਖਕ ਦੇ ਨਾਵਲਾਂ ਤੇ ਐੱਮ ਫਿੱਲ ਅਤੇ ਪੀਐੱਚਡੀ ਦੇ ਖੋਜ ਕਾਰਜ ਹੋ ਰਹੇ ਹਨ। ਇਸ ਮੌਕੇ ਪ੍ਰੋ.ਅੰਮ੍ਰਿਤਪ੍ਰੀਤ ਕੌਰ ਨੇ ਲੇਖਕ ਦੇ ਨਾਵਲਾਂ ’ਤੇ ਆਪਣਾ ਖੋਜ ਪੇਪਰ ਪੇਸ਼ ਕਰਦਿਆਂ ਬਿਰਤਾਂਤਕ ਵਿਧੀ ਅਤੇ ਗਲਤ ਸਿਧਾਂਤ ਬਾਰੇ ਚਰਚਾ ਕੀਤੀ। ਵਿਭਾਗ ਦੇ ਪ੍ਰੋ.ਅਮਨਦੀਪ ਸਿੰਘ ਨੇ ਪੰਜਾਬੀ ਗਲਪ ਪੇਪਰ ਵਿਚ ਜਸਬੀਰ ਮੰਡ ਦੇ ਪਾਏ ਯੋਗਦਾਨ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੀਆਂ ਗਲਪ ਜੁਗਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਸਬੀਰ ਮੰਡ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਆਪਣੇ ਬਚਪਨ, ਜਵਾਨੀ ਅਤੇ ਹੁਣ ਤੱਕ ਜੀਵਨ ਸੰਘਰਸ਼ਾਂ ਦੀ ਬਾਤ ਪਾਉਂਦਿਆਂ ਸਾਹਿਤਕ ਸਫ਼ਰ ਬਾਰੇ ਆਪਣੇ ਅਨੁਭਵ, ਵਿਚਾਰ, ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਨਾਵਲ ਨੂੰ ਲਿਖਣ ਤੋਂ ਪਹਿਲਾਂ ਉਸਦਾ ਪਲਾਂਟ ਵਰ੍ਹਿਆਂ ਬੱਧੀ ਉਨ੍ਹਾਂ ਦੀ ਚੇਤਨਾ ਵਿਚ ਬਣਿਆ ਰਹਿੰਦਾ ਹੈ। ਉਨ੍ਹਾਂ ਲੇਖਕ, ਸਾਹਿਤ ਅਤੇ ਸਮਾਜ ਦੇ ਸੰਬੰਧਾਂ ਦੀ ਅੰਤਰਿਮ ਸਾਂਝ ਬਾਰੇ ਆਪਣੇ ਅਨੁਭਵ ਪ੍ਰਗਟ ਕੀਤੇ ਅਤੇ ਆਪਣੀ ਰਚਨਾਕਾਰੀ, ਰਚਨਾ ਪ੍ਰਕਿਰਿਆ ਅਤੇ ਸਾਹਿਤ ਰਚਨਾ ਦੇ ਉਦੇਸ਼ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਦੇ ਦਿਲਚਸਪ ਤੇ ਕੌੜੇ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਹਮੇਸ਼ਾਂ ਹੀ ਸੰਘਰਸ਼ ਦਾ ਪੱਲਾ ਫੜਨ ਤੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਸਾਹਿਤ ਲੇਖਣ ਮੁਕਾਬਲੇ ਵਿਚ ਅਨਮੋਲਪ੍ਰੀਤ ਸਿੰਘ ਜਮਾਤ 12ਵੀਂ ਨੇ ਪਹਿਲਾ, ਨਵਪ੍ਰੀਤ ਕੌਰ ਐੱਮਏ-1 ਨੇ ਦੂਜਾ ਤੇ ਹਰਸਿਮਰਤ ਕੌਰ ਜਮਾਤ 12ਵੀਂ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਜਸਵੀਰ ਮੰਡ ਦਾ ਸਨਮਾਨ ਚਿੰਨ੍ਹ ਅਤੇ ਸ਼ਾਲ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਮੰਚ ਸੰਚਾਲਨ ਕਰਦੇ ਹੋਏ ਪ੍ਰੋ.ਸੁਖਵਿੰਦਰ ਕੌਰ ਪੰਜਾਬੀ ਵਿਭਾਗ ਨੇ ਜਿੱਥੇ ਵਿਭਾਗੀ ਗਤੀਵਿਧੀਆਂ, ਸਰਗਰਮੀਆਂ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਇਆ, ਉੱਥੇ ਹੀ ਜਸਵੀਰ ਮੰਡ ਦੀ ਗਲਪ ਲੇਖਕ ਵਜੋਂ ਪੰਜਾਬੀ ਸਾਹਿਤ ਵਿਚ ਨਿਭਾਈ ਭੂਮਿਕਾ ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲੇਖਕ ਦੀ ਜਸਵਿੰਦਰ ਕੌਰ, ਪ੍ਰਿੰਸੀਪਲ ਅਮਰਜੀਤ ਸਿੰਘ ਮਾਵੀ, ਡਾ.ਰਾਜਪਾਲ ਚੌਧਰੀ, ਡਾ.ਅੰਮ੍ਰਿਤਾ ਸੇਖੋਂ, ਮਧੂ ਡਡਵਾਲ, ਸੁਖਬੀਰ ਕੌਰ, ਅਰੁਣ ਕੁਮਾਰ ਚੋਪੜਾ, ਬਿਕਰਮ ਰਾਣੀ, ਹਰਿੰਦਰ ਕੌਰ, ਜਸ਼ਨਪ੍ਰੀਤ ਕੌਰ, ਪ੍ਰਦੀਪ ਸਿੰਘ (ਸਾਰੇ ਪ੍ਰੋਫੈਸਰ) ਤੋਂ ਇਲਾਵਾ ਐੱਮਏ ਪੰਜਾਬੀ ਅਤੇ ਪੰਜਾਬੀ ਸਾਹਿਤ ਦੇ ਵਿਦਿਆਰਥੀ ਹਾਜ਼ਰ ਸਨ।