ਜ਼ਿਲ੍ਹੇ ’ਚ 29,891 ਅਨਮੈਪਡ ਵੋਟਰਾਂ ਨੂੰ ਨੋਟਿਸ, 15,141 ਵੱਲੋਂ ਦਸਤਾਵੇਜ਼ ਪ੍ਰਾਪਤ-5,219 ਦੀ ਪੜਤਾਲ ਮੁਕੰਮਲ ਜ਼ਿਲ੍ਹੇ ’ਚ 29,891 ਅਨਮੈਪਡ ਵੋਟਰਾਂ ਨੂੰ ਨੋਟਿਸ, 15,141 ਵੱਲੋਂ ਦਸਤਾਵੇਜ਼ ਪ੍ਰਾਪਤ—5,219 ਦੀ ਪੜਤਾਲ ਮੁਕੰਮਲ
Publish Date: Tue, 08 Sep 2026 06:43 PM (IST)
Updated Date: Wed, 09 Sep 2026 04:05 AM (IST)
ਸੁਣਵਾਈ ਦਾ ਦੂਜਾ ਪੜਾਅ 15 ਸਤੰਬਰ 2026 ਤੱਕ ਮੁਕੰਮਲ ਕੀਤਾ ਜਾਵੇਗਾ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਐਸਆਰਆਈ ਤਹਿਤ ਜ਼ਿਲ੍ਹੇ ਵਿਚ 29 ਹਜਾਰ 891 ਅਨਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜ਼ਿਨ੍ਹਾਂ ਵਿੱਚੋਂ 15 ਹਜਾਰ 141 ਵੋਟਰਾਂ ਤੋਂ ਦਸਤਾਵੇਜ਼ ਪ੍ਰਾਪਤ ਹੋ ਚੁੱਕੇ ਹਨ ਅਤੇ 5 ਹਜਾਰ 219 ਦਸਤਾਵੇਜ਼ਾਂ ਦੀ ਪੜਤਾਲ ਮੁਕੰਮਲ ਕੀਤੀ ਜਾ ਚੁੱਕੀ ਹੈ,ਬਾਕੀ ਦਸਤਾਵੇਜ਼ਾਂ ਦੀ ਪੜਤਾਲ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਈ ਲਈ ਕੰਮ ਚੱਲ ਰਿਹਾ ਹੈ। ਮੰਗਲਵਾਰ ਨੂੰ ਕਮਿਸ਼ਨਰ ਰੂਪਨਗਰ ਮੰਡਲ, ਰੂਪਨਗਰ ਅਤੇ ਰੋਲ ਅਬਜ਼ਰਵਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸੁਣਵਾਈ ਦਾ ਦੂਜਾ ਪੜਾਅ 15 ਸਤੰਬਰ 2026 ਤੱਕ ਮੁਕੰਮਲ ਕੀਤਾ ਜਾਵੇਗਾ। ਡਰਾਫਟ ਐਸ.ਆਈ.ਆਰ.-2026 ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਕੁੱਲ 5 ਲੱਖ 23 ਹਜਾਰ 752 ਰਜਿਸਟਰਡ ਵੋਟਰ ਹਨ। ਇਨ੍ਹਾਂ ਵਿਚ 2 ਲੱਖ 72 ਹਜਾਰ 270 ਪੁਰਸ਼, 2 ਲੱਖ 51 ਹਜਾਰ 470 ਮਹਿਲਾ ਅਤੇ 12 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਲਈ ਜ਼ਿਲ੍ਹੇ ਵਿਚ 532 ਥਾਵਾਂ ’ਤੇ 714 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਨਿਰਧਾਰਤ ਸਮਾਂ-ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਐਸਆ.ਆਰ. ਦੀ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਮਨਵੇਸ਼ ਸਿੰਘ ਸਿੱਧੂ ਨੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਨੂੰ ਹਦਾਇਤ ਕੀਤੀ ਕਿ ਐਸਆਈਆਰ. ਦੀ ਸਮੁੱਚੀ ਪ੍ਰਕਿਰਿਆ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੇਪਰੇ ਚਾੜ੍ਹੀ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿਚ ਦਰਜ ਨਾ ਹੋਵੇ। ਉਨ੍ਹਾਂ ਨਵੇਂ ਨਾਮ ਸ਼ਾਮਲ ਕਰਨ, ਨਾਮ ਹਟਾਉਣ ਅਤੇ ਦਰੁਸਤੀ ਸਬੰਧੀ ਅਰਜ਼ੀਆਂ ਦਾ ਬਿਨਾਂ ਦੇਰੀ ਨਿਪਟਾਰਾ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨਾਗਰਿਕਾਂ ਦੀ ਸਹੂਲਤ ਲਈ ਦਸਤਾਵੇਜ਼ੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਮੌਕੇ ’ਤੇ ਹੀ ਭੌਤਿਕ ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰਨ ਦੀ ਹਦਾਇਤ ਵੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਮੌਜੂਦਗੀ ਵਿਚ ਰੋਲ ਅਬਜ਼ਰਵਰ ਵੱਲੋਂ ਐਸ.ਆਈ.ਆਰ. ਤਹਿਤ ਨੋਟਿਸਾਂ ਦੀ ਤਾਮੀਲ, ਸੁਣਵਾਈ ਦੀ ਕਾਰਵਾਈ, ਦਸਤਾਵੇਜ਼ਾਂ ਦੀ ਪੜਤਾਲ ਅਤੇ ਰਜਿਸਟ੍ਰੇਸ਼ਨ ਦੇ ਕੰਮ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਆਪਣੇ ਸੁਝਾਅ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ 1 ਜੂਨ 2026 ਤੋਂ 7 ਸਤੰਬਰ 2026 ਤੱਕ ਜ਼ਿਲ੍ਹੇ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਸਬੰਧੀ ਕੁੱਲ 94,650 ਫਾਰਮ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚ 16,176 ਫਾਰਮ ਨੰਬਰ 6, 67 ਫਾਰਮ ਨੰਬਰ 6-ਏ, 3,916 ਫਾਰਮ ਨੰਬਰ 7 ਅਤੇ 20,405 ਫਾਰਮ ਨੰਬਰ 8 ਸ਼ਾਮਲ ਹਨ। ਇਹ ਫਾਰਮ ਵਿਧਾਨ ਸਭਾ ਹਲਕਾ 49-ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਚਮਕੌਰ ਸਾਹਿਬ (ਅ.ਜ.) ਨਾਲ ਸਬੰਧਤ ਹਨ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਰੂਪਨਗਰ ਜਸਪ੍ਰੀਤ ਸਿੰਘ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਤੋਂ ਰਾਮ ਕੁਮਾਰ ਮੁਕਾਰੀ, ਕਾਂਗਰਸ ਤੋਂ ਭੁਪਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਜਰਨੈਲ ਸਿੰਘ ਭਾਓਵਾਲ, ਬਹੁਜਨ ਸਮਾਜ ਪਾਰਟੀ ਤੋਂ ਸਰਦੂਲ ਸਿੰਘ ਤੇ ਵਰਿੰਦਰ ਸਿੰਘ ਕਲੇਰ, ਸੀਪੀਐੱਮ ਤੋਂ ਕਾਮਰੇਡ ਗੁਰਦੇਵ ਸਿੰਘ ਬਾਗੀ, ਚੋਣ ਤਹਿਸੀਲਦਾਰ ਪਲਵਿੰਦਰ ਸਿੰਘ, ਚੋਣ ਦਫਤਰ ਦੇ ਅਧਿਕਾਰੀ/ਕਰਮਚਾਰੀ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।