ਨੂਰਪੁਰਬੇਦੀ ਪੁਲਿਸ ਨੇ 100 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਨੂੰ ਕੀਤਾ ਕਾਬੂ ਨੂਰਪੁਰਬੇਦੀ ਪੁਲਿਸ ਨੇ 100 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਨੂੰ ਕੀਤਾ ਕਾਬੂ
Publish Date: Mon, 05 Oct 2026 05:42 PM (IST)
Updated Date: Mon, 05 Oct 2026 05:44 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਨੂਰਪੁਰ ਬੇਦੀ ਪੁਲਿਸ ਨੇ ਇਕ ਨੌਜਵਾਨ ਨੂੰ 100 ਗ੍ਰਾਮ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੁਰਮੁਖ ਸਿੰਘ ਨੇ ਦੱਸਿਆ ਕਿ ਨੂਰਪੁਰਬੇਦੀ ਦੀ ਪੁਲਿਸ ਪਾਰਟੀ ਬੀਤੀ ਰਾਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਨੂਰਪੁਰਬੇਦੀ ਤੋਂ ਪਿੰਡ ਕਾਂਗੜ ਵੱਲ ਜਾਂਦੀ ਸੜਕ ’ਤੇ ਟੀ-ਪੁਆਇੰਟ ਪਿੰਡ ਰੂੜੇਮਾਜਰਾ ਨੇੜੇ ਪਹੁੰਚੀ ਤਾਂ ਰਾਤ ਕਰੀਬ 11 ਵਜੇ ਪਿੰਡ ਕਾਂਗੜ ਵਾਲੇ ਪਾਸਿਓਂ ਇੱਕ ਸਰਦਾਰ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਦੀ ਗੱਡੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਨੌਜਵਾਨ ਘਬਰਾ ਗਿਆ। ਜਦੋਂ ਪੁਲਿਸ ਦੀ ਗੱਡੀ ਉਸ ਦੇ ਨੇੜੇ ਪਹੁੰਚੀ ਤਾਂ ਉਸ ਨੇ ਆਪਣੀ ਕਾਲੇ ਰੰਗ ਦੀ ਲੋਅਰ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਦੇ ਖੱਬੇ ਪਾਸੇ ਸੁੱਟ ਦਿੱਤਾ ਅਤੇ ਖ਼ੁਦ ਪਿੱਛੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਸੜਕ ਕਿਨਾਰੇ ਸੁੱਟੇ ਲਿਫ਼ਾਫ਼ੇ ਵਿੱਚ ਨਸ਼ੀਲਾ ਪਦਾਰਥ ਹੈ। ਮੌਕੇ ’ਤੇ ਈ-ਸਕਸ਼ ਐਪ ਰਾਹੀਂ ਵੀਡੀਓਗ੍ਰਾਫੀ ਕਰਵਾਈ ਗਈ। ਇਲੈਕਟ੍ਰੋਨਿਕ ਕੰਡੇ ਨਾਲ ਤੋਲ ਕਰਨ ’ਤੇ ਮੋਮੀ ਲਿਫ਼ਾਫ਼ੇ ਸਮੇਤ ਨਸ਼ੀਲੇ ਪਦਾਰਥ ਦਾ ਵਜ਼ਨ 100 ਗ੍ਰਾਮ ਪਾਇਆ ਗਿਆ। ਪੁਲਿਸ ਮੁਤਾਬਕ ਕਾਬੂ ਕੀਤੇ ਨੌਜਵਾਨ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਰਿੰਕਾ ਪੁੱਤਰ ਕਰਮ ਚੰਦ ਵਾਸੀ ਪਿੰਡ ਕਾਂਗੜ, ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ, ਉਮਰ ਕਰੀਬ 28 ਸਾਲ ਵਜੋਂ ਹੋਈ ਹੈ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਗੁਰਮੁਖ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ’ਤੇ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਇਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਅਤੇ ਇਸਦੀ ਕ੍ਰਾਈਮ ਹਿਸਟਰੀ ਮੁਤਾਬਕ ਇਸ ਉੱਤੇ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।