- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ’ਚ ਨਹੀਂ ਛੱਡੀ ਜਾਵੇਗੀ ਕੋਈ ਕਸਰ:ਗੁਰਵਿੰਦਰ ਡੂਮਛੇੜੀ

ਜ਼ਿਲ੍ਹਾ ਰੂਪਨਗਰ ਦੇ ਤਰਨਦੀਪ ਸਿੰਘ ਨੇ ਸੂਬਾ ਪੱਧਰ ’ਤੇ ਹਾਸਲ ਕੀਤਾ ਤੀਜਾ ਸਥਾਨ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ’ਚ ਸਾਈਕਲਿੰਗ ਨੂੰ ਹੋਰ ਪ੍ਰਫੁੱਲਿਤ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ’ਚ ਛੁਪੀ ਹੋਈ ਖੇਡ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਡੂਮਛੇੜੀ ਨੇ ਪੰਜਾਬ ਸਟੇਟ ਐੱਮਟੀਬੀ ਸਾਈਕਲਿੰਗ ਚੈਂਪੀਅਨਸ਼ਿਪ, ਜੋ ਪਟਿਆਲਾ ਦੇ ਰੀਠ ਖੇੜੀ ਵਿਖੇ ਕਰਵਾਈ ਗਈ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਸੀਨੀਅਰ ਵਰਗ ਵਿਚ ਜੇਤੂ ਰਹੇ ਸਾਈਕਲਿਸਟਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਚੈਂਪੀਅਨਸ਼ਿਪ ’ਚ ਤੀਜਾ ਸਥਾਨ ਹਾਸਲ ਕਰਨ ਵਾਲੇ ਜ਼ਿਲ੍ਹਾ ਰੂਪਨਗਰ ਦੇ ਤਰਨਦੀਪ ਸਿੰਘ ਨੂੰ ਉਚੇਚੇ ਤੌਰ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਈਕਲਿੰਗ ਕੇਵਲ ਇਕ ਮੁਕਾਬਲੇ ਵਾਲੀ ਖੇਡ ਹੀ ਨਹੀਂ, ਸਗੋਂ ਤੰਦਰੁਸਤ ਜੀਵਨ ਸ਼ੈਲੀ, ਸਰੀਰਕ ਫਿਟਨੈੱਸ ਅਤੇ ਵਾਤਾਵਰਨ ਦੀ ਸੰਭਾਲ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰੂਪਨਗਰ ਵੱਲੋਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਸਕੂਲਾਂ, ਕਾਲਜਾਂ ਤੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨ ਦੇ ਨਾਲ-ਨਾਲ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਆਪਣੇ ਪਿਤਾ ਸ਼ਹੀਦ ਜੱਥੇਦਾਰ ਸ਼ੇਰ ਸਿੰਘ ਡੂਮਛੇੜੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਪਿਤਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਦਿੱਤੀ ਜਾਂਦੀ ਪ੍ਰੇਰਣਾ, ਉਨ੍ਹਾਂ ਲਈ ਅੱਜ ਵੀ ਮਾਰਗਦਰਸ਼ਨ ਦਾ ਸਰੋਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰੂਪਨਗਰ, ਸੂਬਾਈ ਐਸੋਸੀਏਸ਼ਨ ਦੇ ਸਾਈਕਲਿੰਗ ਦੀ ਉੱਨਤੀ ਲਈ ਹਰ ਉਪਰਾਲੇ ਵਿਚ ਪੂਰਨ ਸਹਿਯੋਗ ਦੇਵੇਗੀ।
ਇਸ ਦੌਰਾਨ ਪੰਜਾਬ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡ ਮੈਦਾਨਾਂ ਨਾਲ ਜੁੜਨ ਤੇ ਸਾਈਕਲਿੰਗ ਸਮੇਤ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ। ਉਨ੍ਹਾਂ ਕਿਹਾ ਕਿ ਤੰਦਰੁਸਤ, ਅਨੁਸ਼ਾਸਿਤ ਤੇ ਖੇਡਾਂ ਨਾਲ ਜੁੜੀ ਨੌਜਵਾਨ ਪੀੜ੍ਹੀ ਹੀ ਮਜ਼ਬੂਤ ਪੰਜਾਬ ਦੀ ਨੀਂਹ ਹੈ ਤੇ ਇਸ ਦਿਸ਼ਾ ਵਿਚ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕਿਸਾਨ ਆਗੂ ਤੇ ਜ਼ਿਲ੍ਹਾ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ, ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਐਸੋਸੀਏਸ਼ਨ ਦੇ ਸੀਨੀਅਰ ਅਹੁੱਦੇਦਾਰ ਬਖਸ਼ਿਸ਼ ਸਿੰਘ ਸਮੇਤ ਵੱਡੀ ਗਿਣਤੀ ਸਾਈਕਲਿਸਟ, ਕੋਚ ਤੇ ਦਰਸ਼ਕ ਹਾਜ਼ਰ ਸਨ।