ਅੱਜ ਸਿਹਤ ਮੰਤਰੀ ਦੇ ਹਲਕੇ ’ਚ ਗਰਜਣਗੇ ਐੱਨਐੱਚਐੱਮ ਦੇ ਮੁਲਾਜ਼ਮ : ਸੂਬਾ ਪ੍ਰਧਾਨ ਸਿਹਤ ਮੰਤਰੀ ਦੇ ਹਲਕੇ ’ਚ 8 ਸਤੰਬਰ ਨੂੰ ਗਰਜਣਗੇ ਐੱਨਐੱਚਐੱਮ ਦੇ ਮੁਲਾਜ਼ਮ: ਸੂਬਾ
Publish Date: Mon, 07 Sep 2026 04:28 PM (IST)
Updated Date: Mon, 07 Sep 2026 04:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਨੈਸ਼ਨਲ ਹੈੱਲਥ ਮਿਸ਼ਨ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਸਮੂਹ ਮੁਲਾਜ਼ਮਾਂ ਵੱਲੋਂ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੱਗਭੱਗ 15 ਦਿਨਾਂ ਤੋਂ ਹੜ੍ਹਤਾਲ ਕੀਤੀ ਜਾ ਰਹੀ ਸੀ, ਪ੍ਰੰਤੂ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਬਿਲਕੁਲ ਹੀ ਬੇਸਿੱਟਾ ਰਹੀ ਅਤੇ ਵਾਰ ਵਾਰ ਗੱਲਬਾਤ ਕਰਨ ਤੋਂ ਬਾਅਦ ਵੀ ਸਿਹਤ ਮੰਤਰੀ ਵੱਲੋਂ ਕੋਈ ਵੀ ਸਕਾਰਾਤਮਕ ਜਾਂ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਇਸ ਦੇ ਉਲਟ ਸਿਹਤ ਮੰਤਰੀ ਵੱਲੋਂ ਯੂਨੀਅਨ ਆਗੂਆਂ ਅਤੇ ਸਮੁੱਚੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀਆਂ ਧਮਕੀਆ ਦਿੰਦੇ ਹੋਏ, ਆਉਟਸੋਰਸ ਸਟਾਫ ਰੱਖਣ ਦੀ ਧਮਕੀ ਦਿੱਤੀ ਗਈ। ਉਨ੍ਹਾਂ ਦੇ ਅਜਿਹੇ ਰਵੱਈਏ ਨੂੰ ਲੈ ਕੇ ਯੂਨੀਅਨ ਆਗੂਆਂ ਅਤੇ ਪੰਜਾਬ ਦੇ ਸਮੂਹ ਐੱਨਐੱਚਐੱਮ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਇਸ ਦੇ ਰੋਸ ਵਜੋਂ ਯੂਨੀਅਨ ਵੱਲੋਂ ਅੱਜ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਪਟਿਆਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਮਹਾਂਰੈਲੀ ਨੂੰ ਲੈ ਕੇ ਸਮੂਹ ਮੁਲਾਜ਼ਮਾਂ ’ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਦੇ ਘਰ ਦੇ ਨਜ਼ਦੀਕ ਪੁੱਡਾ ਗਰਾਉਂਡ ’ਚ ਵਿਸ਼ਾਲ ਧਰਨਾ ਦੇਣ ਤੋਂ ਬਾਅਦ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਮਾਰਚ ਕਰਕੇ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਜਨਰਲ ਸਕੱਤਰ ਰਾਮ ਸਿੰਘ ਕਪੂਰਥਲਾ ਅਤੇ ਅਮਨਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਨੂੰ ਹਮਦਰਦੀ ਨਾਲ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਿਚਾਰਨਾ ਚਾਹੀਦਾ ਹੈ ਜੋ ਕਿ ਨਿਗੂਣੀਆਂ ਤਨਖਾਹਾਂ ’ਤੇ ਸਿਹਤ ਵਰਗੀਆਂ ਜ਼ਰੂਰੀ ਸੇਵਾਵਾਂ ਦੇ ਰਹੇ ਹਨ।ਇਸ ਮੌਕੇ ਡਾ.ਵਾਹਿਦ ਮਲੇਰਕੋਟਲਾ, ਸੁਖਜੀਤ ਸਿੰਘ ਰੋਪੜ, ਦਿਨੇਸ਼ ਪਟਿਆਲਾ ਆਦਿ ਨੇ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਹੁਣ ਆਮ ਤੋਂ ਖਾਸ ਬਣ ਚੁੱਕੀ ਹੈ ਅਤੇ ਵਾਰ ਵਾਰ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰਕੇ ਸਮਾਂ ਲੰਘਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮੁੱਚੇ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਤੁਰੰਤ ਵਾਧਾ ਨਹੀਂ ਕਰਦੀ ਤਾਂ ਉਨ੍ਹਾਂ ਨੂੰ ਰੋਸ ਵਜੋਂ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਲਗਾਉਣ ਨੂੰ ਮਜਬੂਰ ਹੋਣਾ ਪਵੇਗਾ। ਇਸ ਮੌਕੇ ਜਸਬੀਰ ਬਰਨਾਲਾ, ਗੁਲਸ਼ਨ ਫਰੀਦਕੋਟ, ਜਗਦੇਵ ਸਿੰਘ ਮਾਨਸਾ, ਗੌਰਵ ਅੰਮ੍ਰਿਤਸਰ, ਡਾ.ਪੰਖੁੜੀ ਜਲੰਧਰ, ਡਾ.ਸ਼ਿਵਰਾਜ ਲੁਧਿਆਣਾ, ਰਵਿੰਦਰ ਫਜਲਿਕਾ, ਦਵਿੰਦਰ ਬਰਨਾਲਾ, ਮਨਦੀਪ ਤਰਨ ਤਾਰਨ ਡਾ.ਜਤਿੰਦਰ ਫਗਵਾੜਾ, ਡਾ.ਤਰੁਣ ਹੁਸ਼ਿਆਰਪੁਰ, ਬਲਕਰਨ ਮੁਕਤਸਰ ਸਾਹਿਬ, ਜਸਵੀਰ ਮੋਗਾ, ਬਗੀਚਾ ਫਰੀਦਕੋਟ, ਰਵਿੰਦਰ ਫਾਜਿਲਕਾ, ਜਸ਼ਨ ਸ੍ਰੀ ਫਤਿਹਗੜ੍ਹ ਸਾਹਿਬ, ਦੀਪਿਕਾ ਪਠਾਨਕੋਟ, ਰਣਜੀਤ ਕੋਰ ਬਠਿੰਡਾ, ਅਮਨਦੀਪ ਕੌਰ ਨਵਾਂਸ਼ਹਿਰ ਆਦਿ ਆਗੂ ਹਾਜ਼ਰ ਸਨ।