ਸ੍ਰੀ ਅਨੰਦਪੁਰ ਸਾਹਿਬ ’ਚ ਲੋਕਲ ਉਮੀਦਵਾਰ ਦੀ ਮੰਗ ਤੇਜ਼, ਬੌਬੀ ਨੇ ਦਿਖਾਇਆ ਸ਼ਕਤੀ ਪ੍ਰਦਰਸ਼ਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਲੋਕਲ ਉਮੀਦਵਾਰ ਦੀ ਉੱਠੀ ਮੰਗ, ਤਰਨਜੀਤ ਸਿੰਘ ਬੋਬੀ ਨੇ ਕੋਟਲਾ ਵਿਖੇ ਕੀਤਾ ਇਕੱਠ
Publish Date: Sun, 29 Nov 2026 07:02 PM (IST)
Updated Date: Sun, 29 Nov 2026 07:04 PM (IST)
ਕਿਹਾ-ਪਾਰਟੀ ਕੋਈ ਵੀ ਹੋਵੇ, ਚੋਣਾਂ ’ਚ ਲੋਕਲ ਉਮੀਦਵਾਰ ਨੂੰ ਦਿੱਤੀ ਜਾਵੇ ਤਰਜੀਹ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਲੋਕਲ ਉਮੀਦਵਾਰ ਦੀ ਮੰਗ ਨੂੰ ਲੈ ਕੇ ਤਰਨਜੀਤ ਸਿੰਘ ਬੌਬੀ ਵੱਲੋਂ ਅੱਜ ਕੋਟਲਾ ਪਾਵਰ ਹਾਊਸ ਵਿਖੇ ਇਲਾਕਾ ਨਿਵਾਸੀਆਂ ਦਾ ਇੱਕ ਇਕੱਠ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਵੱਖ-ਵੱਖ ਜਨਤਕ ਮੁੱਦਿਆਂ ਨੂੰ ਉਠਾਉਂਦਿਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੁਣ ਸਮਾਂ ਆ ਗਿਆ ਹੈ ਕਿ ਇਲਾਕੇ ਦੇ ਲੋਕ ਇਕਜੁੱਟ ਹੋ ਕੇ ਆਪਣੇ ਹੱਕਾਂ ਤੇ ਮੰਗਾਂ ਦੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਲਾਕੇ ਦੇ ਲੋਕ ਇੱਕਜੁੱਟ ਹੋ ਕੇ ਲੋਕਲ ਉਮੀਦਵਾਰ ਦੀ ਮੰਗ ਕਰਨ ਤੇ ਜਨਤਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣ, ਤਾਂ ਹਲਕੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਨਵੀਂ ਦਿਸ਼ਾ ਤੈਅ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਹਿੱਤਾਂ ਨੂੰ ਪਹਿਲ ਦੇਣ। ਇਸ ਇਕੱਠ ਦੌਰਾਨ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ ਤੇ ਤਰਨਜੀਤ ਸਿੰਘ ਬੌਬੀ ਵੱਲੋਂ ਉਠਾਈ ਗਈ ਲੋਕਲ ਉਮੀਦਵਾਰ ਦੀ ਮੰਗ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਸਪੇਨ ’ਚ ਰਹਿਣ ਵਾਲੇ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਸਬੰਧ ਰੱਖਣ ਵਾਲੇ ਤਰਨਜੀਤ ਸਿੰਘ ਬੌਬੀ ਲੰਬੇ ਸਮੇਂ ਤੋਂ ਲੋਕ ਸੇਵਾ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਉਹ ਵਾਰਿਸ ਪੰਜਾਬ ਪਾਰਟੀ ਨਾਲ ਵੀ ਸਬੰਧਤ ਹਨ ਤੇ ਇਲਾਕੇ ਦੇ ਸਮਾਜਿਕ ਤੇ ਜਨਤਕ ਮਾਮਲਿਆਂ ’ਚ ਅਕਸਰ ਸਰਗਰਮ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ।