ਲਾਪਰਵਾਹੀ ਦਾ ਨਮੂਨਾ : ਨਹਿਰ ਦੀ ਪਟੜੀ ’ਤੇ ਲਗਾਏ ਸੇਫਟੀ ਜਾਲੇ ਦੇ ਡੰਗੇ ਟੁੱਟਣੇ ਸ਼ੁਰੂ ਕੁਝ ਸਮਾਂ ਪਹਿਲਾਂ ਨਹਿਰ ਦੀ ਪਟੜੀ ’ਤੇ ਲਗਾਏ ਸੇਫਟੀ ਜਾਲੇ ਦੇ ਡੰਗੇ ਟੁੱਟਣੇ ਸ਼ੁਰੂ
Publish Date: Sun, 29 Nov 2026 06:56 PM (IST)
Updated Date: Sun, 29 Nov 2026 06:59 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਸ਼ਹਿਰ ਦੇ ਵਿੱਚੋਂ ਲੰਘਦੀ ਬੀਬੀਐੱਮਬੀ ਨਹਿਰ ਦੀਆਂ ਪਟੜੀਆਂ ’ਤੇ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਸੇਫਟੀ ਜਾਲੇ ਨੂੰ ਸਹਾਰਾ ਦੇਣ ਵਾਲੇ ਪੱਥਰਾਂ ਦੇ ਡੰਗੇ ਹੁਣ ਤੋਂ ਹੀ ਟੁੱਟਣੇ ਸ਼ੁਰੂ ਹੋ ਗਏ ਹਨ। ਨਹਿਰ ਦੇ ਕਿਨਾਰੇ ਬਣੇ ਇਨ੍ਹਾਂ ਡੰਗਿਆਂ ਦੀ ਹਾਲਤ ਦੇਖ ਕੇ ਸਾਫ਼ ਜਾਪਦਾ ਹੈ ਕਿ ਠੇਕੇਦਾਰ ਵੱਲੋਂ ਉਸਾਰੀ ਸਮੇਂ ਸੀਮਿੰਟ ਦੀ ਬਹੁਤ ਘੱਟ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਕਰੀਬ ਡੇਢ-ਦੋ ਸਾਲਾਂ ’ਚ ਹੀ ਇਹ ਡੰਗੇ ਭੁਰਨੇ ਸ਼ੁਰੂ ਹੋ ਗਏ ਹਨ। ਇਲਾਕਾ ਨਿਵਾਸੀਆਂ ਅਨੁਸਾਰ ਜਦੋਂ ਨਹਿਰ ਦੀ ਪਟੜੀ ਦੇ ਇਹ ਡੰਗੇ ਇੱਕ ਥਾਂ ਤੋਂ ਭੁਰਨੇ ਸ਼ੁਰੂ ਹੁੰਦੇ ਹਨ ਤਾਂ ਇਹ ਲਗਾਤਾਰ ਅੱਗੇ ਤੋਂ ਅੱਗੇ ਟੁੱਟਦੇ ਹੀ ਜਾਂਦੇ ਹਨ। ਇਨ੍ਹਾਂ ਡੰਗਿਆਂ ਦੇ ਟੁੱਟਣ ਨਾਲ ਨਹਿਰ ਕਿਨਾਰੇ ਲੱਗੀਆਂ ਲੋਹੇ ਦੀਆਂ ਜਾਲੀਆਂ ਤੇ ਐਂਗਲ ਵੀ ਡਿੱਗਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਰਾਤ-ਬਰਾਤੇ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ ਜਾਲੀਆਂ ਤੇ ਐਂਗਲਾਂ ਨੂੰ ਚੋਰੀ ਕੀਤੇ ਜਾਣ ਦਾ ਖ਼ਦਸ਼ਾ ਵੀ ਵਧ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਬੰਧਤ ਵਿਭਾਗ ਦੇ ਕਰਮਚਾਰੀ ਦਿਨ-ਰਾਤ ਇਨ੍ਹਾਂ ਪਟੜੀਆਂ ਤੋਂ ਲੰਘਦੇ ਹਨ, ਪਰ ਸਭ ਕੁਝ ਦੇਖ ਕੇ ਵੀ ਅਣਦੇਖਿਆ ਕੀਤਾ ਜਾ ਰਿਹਾ ਹੈ। ਭਾਵੇਂ ਠੇਕੇਦਾਰ ਵੱਲੋਂ ਇਹ ਕੰਮ ਪੂਰਾ ਕਰਕੇ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ, ਪਰ ਹੁਣ ਇਨ੍ਹਾਂ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਦੀ ਪੂਰੀ ਜ਼ਿੰਮੇਵਾਰੀ ਬੀਬੀਐੱਮਬੀ ਪ੍ਰਸ਼ਾਸਨ ਦੀ ਬਣਦੀ ਹੈ। ਸ਼ਹਿਰ ’ਚ ਘਟੀਆ ਨਿਰਮਾਣ ਦਾ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਨਹਿਰ ਦੀਆਂ ਪਟੜੀਆਂ ’ਤੇ ਰੋਜ਼ਾਨਾ ਸਵੇਰੇ-ਸ਼ਾਮ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਸੈਰ ਕਰਦੇ ਹਨ, ਜਿਨ੍ਹਾਂ ਦੇ ਨਾਲ ਛੋਟੇ ਬੱਚੇ ਵੀ ਹੁੰਦੇ ਹਨ। ਸ਼ਹਿਰ ਵਾਸੀਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਟੁੱਟੇ ਹੋਏ ਡੰਗਿਆਂ ਦੀ ਸਮੇਂ ਸਿਰ ਮੁਰੰਮਤ ਨਾ ਕਰਵਾਈ ਗਈ ਤਾਂ ਸੇਫਟੀ ਜਾਲੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਜਾਣਗੀਆਂ, ਜਿਸ ਕਾਰਨ ਛੋਟੇ ਬੱਚਿਆਂ ਜਾਂ ਅਵਾਰਾ ਪਸ਼ੂਆਂ ਦੇ ਨਹਿਰ ’ਚ ਡਿੱਗਣ ਦਾ ਵੱਡਾ ਹਾਦਸਾ ਵਾਪਰ ਸਕਦਾ ਹੈ। ਸਥਾਨਕ ਲੋਕਾਂ ਨੇ ਬੀਬੀਐੱਮਬੀ ਤੇ ਨਗਰ ਪੰਚਾਇਤ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਨ੍ਹਾਂ ਡੰਗਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।